ਸ਼ਿਮਲਾ, 24 ਮਾਰਚ,ਬੋਲੇ ਪੰਜਾਬ ਬਿਊਰੋ :
ਹਿਮਾਚਲ ਰੋਡਵੇਜ਼ ਟਰਾਂਸਪੋਰਟ ਨਿਗਮ (ਐੱਚਆਰਟੀਸੀ) ਦੀਆਂ ਬੱਸਾਂ ਨਾਲ ਪੰਜਾਬ ਦੇ ਅੰਮਿ੍ਤਸਰ, ਖਰੜ ਅਤੇ ਹੁਸ਼ਿਆਰਪੁਰ ’ਚ ਤੋੜਭੰਨ ਤੋਂ ਬਾਅਦ ਨਿਗਮ ਪ੍ਰਬੰਧਨ ਨੇ 20 ਰੂਟਾਂ ’ਤੇ ਰਾਤ ਦੀ ਸੇਵਾ ਨੂੰ ਬੰਦ ਕਰ ਦਿੱਤਾ ਹੈ। ਸ਼ਨਿਚਰਵਾਰ ਤੋਂ ਬਾਅਦ ਐਤਵਾਰ ਨੂੰ ਵੀ ਨਿਗਮ ਪ੍ਰਬੰਧਨ ਨੇ ਅੰਮਿ੍ਤਸਰ ਰੂਟ ’ਤੇ 10, ਹੁਸ਼ਿਆਰਪੁਰ ਤੇ ਲੁਧਿਆਣਾ ’ਤੇ ਚਾਰ-ਚਾਰ ਅਤੇ ਜਲੰਧਰ ਰੂਟ ’ਤੇ ਦੋ ਬੱਸਾਂ ਨਹੀਂ ਭੇਜੀਆਂ। ਇਹ ਸਾਰੇ ਰਾਤ ਦੇ ਰੂਟ ਹਨ ਜਿਨ੍ਹਾਂ ਦਾ ਠਹਿਰਾਅ ਇਨ੍ਹਾਂ ਬੱਸ ਅੱਡਿਆਂ ’ਤੇ ਹੈ।
ਹਿਮਾਚਲ ਸਰਕਾਰ ਨੇ ਪੰਜਾਬ ਸਰਕਾਰ ਤੋਂ ਪੰਜਾਬ ਦੇ ਸਾਰੇ ਬੱਸ ਅੱਡਿਆਂ ’ਤੇ ਐੱਚਆਰਟੀਸੀ ਬੱਸਾਂ ਦੀ ਸੁਰੱਖਿਆ ਦੀ ਗਾਰੰਟੀ ਮੰਗੀ ਹੈ। ਯਾਤਰੀਆਂ ਦੀ ਸੁਰੱਖਿਆ ਤੇ ਨਿਗਮ ਦੀ ਜਾਇਦਾਦ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਮੁੱਦੇ ’ਤੇ ਪੰਜਾਬ ਸਰਕਾਰ ਨਾਲ ਗੱਲ ਕੀਤੀ ਜਾ ਰਹੀ ਹੈ। ਦੋਵਾਂ ਰਾਜਾਂ ਦੇ ਡੀਜੀਪੀ ਦੀ ਵੀ ਇਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
