ਗੁਰਾਇਆ, 24 ਮਾਰਚ,ਬੋਲੇ ਪੰਜਾਬ ਬਿਊਰੋ :
ਗੁਰਾਇਆ ਇਲਾਕੇ ਵਿੱਚ ਇਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਸ਼ਰਾਬ ਦੇ ਨਸ਼ੇ ’ਚ ਧੁੱਤ ਦੋ ਭਰਾਵਾਂ ਵਿਚਾਲੇ ਹੋਈ ਬਹਿਸ ਕਤਲ ’ਚ ਬਦਲ ਗਈ।
ਡੀ.ਐੱਸ.ਪੀ. ਫ਼ਿਲੌਰ ਸਰਵਨ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਐਚ.ਓ. ਗੁਰਾਇਆ ਗੁਰਸ਼ਰਨ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਸਿਰਫ਼ 2 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾ ਦਿੱਤੀ। ਪੁਲਿਸ ਨੇ ਮੁਲਜ਼ਮ ਤੇਜਵੀਰ ਸਿੰਘ ਉਰਫ਼ ਤੇਜੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਕੋਲੋਂ ਇਕ ਸਵਿਫ਼ਟ ਕਾਰ, ਹਾਕੀ ਅਤੇ ਲੋਹੇ ਦਾ ਹਥਿਆਰ ਵੀ ਬਰਾਮਦ ਕੀਤਾ ਗਿਆ।
ਮ੍ਰਿਤਕ ਬਲਜੀਤ ਸਿੰਘ ਉਰਫ਼ ਬੱਬੂ ਅਤੇ ਮੁਲਜ਼ਮ ਤੇਜਵੀਰ ਸਿੰਘ, ਜੋ ਪੱਤੀ ਮਾਂਗਾ ਕੇ, ਗੁਰਾਇਆ ਦੇ ਰਹਿਣ ਵਾਲੇ ਸਨ, ਫ਼ਗਵਾੜਾ ਤੋਂ ਸ਼ਰਾਬ ਪੀ ਕੇ ਵਾਪਸ ਆ ਰਹੇ ਸਨ। ਰਾਹ ਵਿੱਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਗਰਮਾਗਰਮੀ ਹੋ ਗਈ। ਗੱਲ ਏਨੀ ਵਧ ਗਈ ਕਿ ਤੇਜਵੀਰ ਨੇ ਹਾਕੀ ਅਤੇ ਲੋਹੇ ਦੇ ਹਥਿਆਰ ਨਾਲ ਬਲਜੀਤ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਮੁਲਜ਼ਮ ਨੇ ਜ਼ਖਮੀ ਬਲਜੀਤ ਨੂੰ ਖੁਦ ਹੀ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਕਾਰਵਾਈ ਕਰਦਿਆਂ ਤੇਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।
