ਨਵੀਂ ਦਿੱਲੀ, 24 ਮਾਰਚ,ਬੋਲੇ ਪੰਜਾਬ ਬਿਊਰੋ :
ਹੁਣ ਸੰਸਦ ਮੈਂਬਰਾਂ ਦੀ ਜੇਬ ਹੋਰ ਭਾਰੀ ਹੋ ਗਈ ਹੈ।ਕੇਂਦਰ ਸਰਕਾਰ ਨੇ ਉਨ੍ਹਾਂ ਦੀ ਤਨਖਾਹ ’ਚ 24% ਦਾ ਵਾਧਾ ਕਰ ਦਿੱਤਾ ਹੈ। ਨਵੇਂ ਨਿਯਮ ਅਨੁਸਾਰ, ਹੁਣ ਸੰਸਦ ਮੈਂਬਰਾਂ ਨੂੰ 1.24 ਲੱਖ ਰੁਪਏ ਮਹੀਨਾ ਮਿਲਣਗੇ, ਜੋ ਪਹਿਲਾਂ 1 ਲੱਖ ਰੁਪਏ ਸੀ।
ਇਹ ਵਾਧਾ ਮਹਿੰਗਾਈ ਦੇ ਵਧਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਅਤੇ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ। ਮੋਦੀ ਸਰਕਾਰ ਨੇ 2018 ਵਿੱਚ ਨਿਯਮ ਬਣਾਇਆ ਸੀ ਕਿ ਹਰ ਪੰਜ ਸਾਲ ਬਾਅਦ ਤਨਖਾਹ ਅਤੇ ਭੱਤਿਆਂ ਦੀ ਸਮੀਖਿਆ ਹੋਵੇਗੀ।
ਸਿਰਫ਼ ਤਨਖਾਹ ਹੀ ਨਹੀਂ, ਰੋਜ਼ਾਨਾ ਭੱਤੇ ਅਤੇ ਪੈਨਸ਼ਨ ਵੀ ਵਧ ਗਈ ਹੈ। ਹੁਣ ਰੋਜ਼ਾਨਾ ਭੱਤਾ 2,000 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤਾ ਗਿਆ ਹੈ। ਉੱਧਰ, ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ ਵੀ 25,000 ਰੁਪਏ ਤੋਂ ਵਧਾ ਕੇ 31,000 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ।
