ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਸ੍ਰੀ ਚਮਕੌਰ ਸਾਹਿਬ,23, ਮਾਰਚ ,ਬੋਲੇ ਪੰਜਾਬ ਬਿਊਰੋ :
ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ( ਰਜਿ) ਸਬੰਧਤ ਇਫਟੂ ਬਲਾਕ ਸ਼੍ਰੀ ਚਮਕੌਰ ਸਾਹਿਬ ਵੱਲੋਂ ਲੇਬਰ ਚੋਂਕ ਵਿਖੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਸਮੁੱਚੇ ਮਿਸਤਰੀਆਂ, ਮਜ਼ਦੂਰਾਂ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫੁੱਲ ਭੇਟ ਕਰਦੇ ਹੋਏ “ਸਾਮਰਾਜ ਮੁਰਦਾਬਾਦ ਮੁਰਦਾਬਾਦ” “ਇਨਕਲਾਬ ਜ਼ਿੰਦਾਬਾਦ” ਦੇ ਨਾਅਰਿਆਂ ਨਾਲ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਇਕੱਠ ਨੂੰ ਬਲਵਿੰਦਰ ਸਿੰਘ ਭੈਰੋ ਮਾਜਰਾ ਪ੍ਰਧਾਨ ,ਮਲਾਗਰ ਸਿੰਘ ਮੁੱਖ ਸਲਾਹਕਾਰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਵੇਂ ਅੰਗਰੇਜ਼ੀ ਰਾਜ ਤੋਂ ਦੇਸ਼ ਆਜ਼ਾਦ ਹੋ ਚੁੱਕਾਂ ਹੈ। ਪਰੰਤੂ ਇਹਨਾਂ ਸ਼ਹੀਦਾਂ ਨੇ ਜਿਸ ਕਾਜ਼ ਲਈ ਕੁਰਬਾਨੀਆਂ ਦਿੱਤੀਆਂ ਉਹ ਕਾਜ਼ ਅੱਜ ਵੀ ਅਧੂਰੇ ਹਨ ।ਇਹਨਾਂ ਦੇ ਸੁਪਨੇ ਸਨ ਕਿ ਸਾਡੇ ਦੇਸ਼ ਦੇ ਮਿਹਨਤਕਸ਼ ਲੋਕ ਖੁਸ਼ਹਾਲ ਹੋਣ ,ਮਜ਼ਦੂਰ ਪੈਦਾਵਾਰ ਦੇ ਸਾਧਨਾਂ ਦੇ ਮਾਲਕ ਹੋਣ ਇਹਨਾਂ ਨੂੰ ਕਿਸੇ ਹਾਕਮ ਸਰਕਾਰਾਂ ਤੋਂ ਹੱਥ ਨਾ ਅੱਡਣੇ ਪੈਣ ,ਪਰੰਤੂ ਸਾਡੇ ਦੇਸ਼ ਵਿੱਚ 80 ਕਰੋੜ ਲੋਕ ਅੱਜ ਵੀ ਆਟਾ ਦਾਲ ਤੇ ਨਿਰਭਰ ਹਨ ,ਦੇਸ਼ ਦੇ 144 ਕਰੋੜ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਦੇਸ਼ ਦੇ ਹਾਕਮ ਐਲਾਨ ਕਰਦੇ ਹਨ ਕਿ 3.2 ਕਰੋੜ ਲੋਕ ਆਮਦਨ ਟੈਕਸ ਦਿੰਦੇ ਹਨ ਅਤੇ ਸਰਕਾਰਾਂ ਇਹਨਾਂ ਨੂੰ ਸਹੂਲਤਾਂ ਦੇਣ ਲਈ ਵਚਨਬੰਦ ਹੈ ।ਜਦੋਂ ਕਿ ਦੇਸ਼ ਦੇ 144 ਕਰੋੜ ਲੋਕ ਸਰਕਾਰਾਂ ਦੇ ਸਿੱਧੇ ਟੈਕਸਾਂ ਦੀ ਮਾਰ ਚੱਲ ਰਹੇ ਹਨ। ਅੱਜ ਇਹਨਾਂ ਸ਼ਹੀਦਾਂ ਦੇ ਉਸ ਸਮੇਂ ਦੇ ਬੋਲ ਕਿ ਰਾਜਗੱਦੀ ਤੋਂ ਗੋਰੇ ਚਲੇ ਜਾਣਗੇ ਅਤੇ ਕਾਲੇ ਬੈਠ ਜਾਣਗੇ ਤਾਂ ਮਜ਼ਦੂਰ ਜਮਾਤ ਦੀ ਮੁਕਤੀ ਨਹੀਂ ਹੋਣੀ, ਸੱਚ ਸਾਬਤ ਹੋ ਰਹੇ ਹਨ ।ਅੱਜ ਦੇਸ਼ ਦੀਆਂ ਸੂਬਾਈ ਤੇ ਕੇਂਦਰੀ ਹਾਕਮ ਸਰਕਾਰਾਂ ਮਜ਼ਦੂਰ ਪੱਖੀ ਲੇਬਰ ਕਨੂੰਨਾਂ ਨੂੰ ਭੰਗ ਕਰਕੇ ਕਾਰਪੋਰੇਟ ਪੱਖੀ ਚਾਰ ਕੋਡਾਂ ਵਿੱਚ ਤਬਦੀਲ ਕਰ ਰਹੀਆਂ ਹਨ ਅਤੇ ਇਹ ਕਾਨੂੰਨ ਇੱਕ ਅਪ੍ਰੈਲ ਤੋਂ ਲਾਗੂ ਹੋ ਜਾਣਗੇ।ਮਜ਼ਦੂਰਾਂ ਤੋਂ ਸਿੱਖਿਆ, ਸਿਹਤ, ਪਾਣੀ ਰੁਜ਼ਗਾਰ ਦੀਆਂ ਬੁਨਿਆਦੀ ਸਹੂਲਤਾਂ ਸਰਮਾਏਦਾਰਾਂ ਦੇ ਮੁਨਾਫਿਆਂ ਦੀ ਭੇਟ ਚੜਾ ਦਿੱਤੀਆਂ ਜਾਣਗੀਆਂ। ਦੇਸ਼ ਦੇ ਹਾਕਮ ਮਜ਼ਦੂਰ ਜਮਾਤ ਦੀ ਏਕਤਾ ਦੀ ਜੜੀ ਤੇਲ ਦੇਣ ਲਈ ਪੰਜਾਬੀ ਬਨਾਮ ਭਈਆ ,ਪੰਜਾਬੀ ਬਨਾਮ ਪਹਾੜੀ, ਜਾਤਾਂ, ਧਰਮਾਂ, ਇਲਾਕਿਆਂ ਦੀਆਂ ਫਿਰਕੂ ਨੀਤੀਆਂ ਨੂੰ ਅੱਗੇ ਵਧਾ ਰਹੀਆਂ ਹਨ। ਇਸ ਲਈ ਇਹਨਾਂ ਸ਼ਹੀਦਾਂ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਆਪਣੇ ਰੁਜ਼ਗਾਰ ਅਤੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਏਕਤਾ ਦੀ ਰਾਖੀ ਕੀਤੀ ਜਾ ਸਕਦੀ ਹੈ। ਇਸ ਮੌਕੇ ਗੁਰਮੇਲ ਸਿੰਘ ,ਅਜੈਬ ਸਿੰਘ ਸਮਾਣਾ, ਜਸਬੀਰ ਸਿੰਘ ਪਲੰਬਰ, ਜੀਵਨ ਸਿੰਘ ,ਗੁਰਮੀਤ ਸਿੰਘ, ਪ੍ਰੀਤਮ ਸਿੰਘ ,ਰਜਿੰਦਰ ਸਿੰਘ ਰਾਜੂ ,ਹਰਜੀਤ ਸਿੰਘ ਸਰਬਣ ਸਿੰਘ ,ਮੱਖਣ ਸਿੰਘ ਮਿਸਤਰੀ ਆਦਿ ਹਾਜ਼ਰ ਸਨ।