ਲਿਬਰੇਸ਼ਨ ਦਾ ਚੌਥਾ ਜ਼ਿਲ੍ਹਾ ਡੈਲੀਗੇਟ ਇਜਲਾਸ ਸੰਪੰਨ

ਪੰਜਾਬ

ਕਾਮਰੇਡ ਛਾਜਲੀ ਤੀਜੀ ਵਾਰ ਜ਼ਿਲ੍ਹਾ ਸਕੱਤਰ ਤੇ ਬਿੱਟੂ ਖੋਖਰ ਚੁਣੇ ਗਏ

ਕਿਸਾਨ ਅੰਦੋਲਨ ਉਤੇ ਹਕੂਮਤ, ਜਬਰ ਝੂਠੇ ਪੁਲਿਸ ਮੁਕਾਬਲਿਆਂ ਅਤੇ ਬਿਨਾਂ ਅਦਾਲਤੀ ਹੁਕਮਾਂ ਦੇ ਘਰ ਢਾਹੁਣ ਦੀ ਨਿਖੇਧੀ

ਸੰਗਰੂਰ, 23 ਮਾਰਚ,ਬੋਲੇ ਪੰਜਾਬ ਬਿਊਰੋ :
ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹਾਦਤ ਦਿਵਸ ਮੌਕੇ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਸਥਾਨਕ ਹਿੰਮਤ ਸਿੰਘ ਧਰਮਸ਼ਾਲਾ ਵਿਖੇ ਅਪਣਾ ਚੌਥਾ ਜ਼ਿਲ੍ਹਾ ਡੈਲੀਗੇਟ ਇਜਲਾਸ ਜਥੇਬੰਦ ਕੀਤਾ ਗਿਆ।
ਕਾਮਰੇਡ ਘੁਮੰਡ ਸਿੰਘ ਖ਼ਾਲਸਾ, ਮਨਜੀਤ ਕੌਰ ਆਲੋਅਰਖ, ਨਾਥ ਸਿੰਘ ਛਾਜਲੀ, ਗੁਰਤੇਜ ਕੌਰ ਭਾਈ ਕੀ ਪਸ਼ੌਰ ਅਤੇ ਸੀਨੀਅਰ ਪਾਰਟੀ ਲੀਡਰ ਕਾਮਰੇਡ ਨਛੱਤਰ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਏ ਇਸ ਇਜਲਾਸ ਦੀ ਸ਼ੁਰੂਆਤ 23 ਮਾਰਚ ਦੇ ਮਹਾਨ ਇਨਕਲਾਬੀ ਸ਼ਹੀਦਾਂ, ਇਨਕਲਾਬੀ ਕਵੀ ਪਾਸ਼ ਤੇ ਕੌਮੀ ਪੱਧਰ ਦੇ ਸ਼ਹੀਦ ਵਿਦਿਆਰਥੀ ਆਗੂ ਚੰਦਰ ਸ਼ੇਖਰ ਪ੍ਰਸ਼ਾਦ ਦੀ ਯਾਦ ਵਿੱਚ ਮੋਨ ਧਾਰਨ ਪਿੱਛੋਂ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਹੋਈ। ਇਜਲਾਸ ਨੂੰ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਤੇ ਮਾਨ ਸਰਕਾਰ ਵਲੋਂ ਮਜ਼ਦੂਰਾਂ ਕਿਸਾਨਾਂ ਉਤੇ ਤਿੱਖੇ ਕੀਤੇ ਹਮਲੇ ਦੇ ਟਾਕਰੇ ਲਈ ਜ਼ਿਲ੍ਹੇ ਵਿੱਚ ਪਾਰਟੀ ਨੂੰ ਬ੍ਰਾਂਚ/ ਪਿੰਡ ਪੱਧਰ ‘ਤੇ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ।

ਜ਼ਿਲਾ ਸਕੱਤਰ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਤੀਜੇ ਇਜਲਾਸ ਤੋਂ ਬਾਦ ਜ਼ਿਲ੍ਹਾ ਪਾਰਟੀ ਵਲੋਂ ਕੀਤੀਆਂ ਮੁੱਖ ਸਰਗਰਮੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਜ਼ਿਲਾ ਜਥੇਬੰਦਕ ਰਿਪੋਰਟ ਬਾਰੇ ਕਿੱਕਰ ਸਿੰਘ ਖਾਲਸਾ, ਗੁਰਜੰਟ ਸਿੰਘ ਜਵੰਦੇ, ਨਾਥ ਸਿੰਘ ਛਾਜਲੀ ਸਮੇਤ ਕਈ ਡੈਲੀਗੇਟਾਂ ਨੇ ਅਪਣੇ ਸੁਝਾਅ ਦਿੱਤੇ। ਅਖੀਰ ਵਿੱਚ ਅੱਠ ਮੈਂਬਰੀ ਕਮੇਟੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਤਿੰਨ ਔਰਤ ਮੈਂਬਰ ਸ਼ਾਮਲ ਹਨ। ਕਮੇਟੀ ਨੇ ਅਹੁਦੇਦਾਰਾਂ ਵਜੋਂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੂੰ ਜ਼ਿਲ੍ਹਾ ਸਕੱਤਰ, ਬਿੱਟੂ ਸਿੰਘ ਖੋਖਰ ਨੂੰ ਜ਼ਿਲ੍ਹਾ ਸਹਾਇਕ ਸਕੱਤਰ ਅਤੇ ਸਾਥੀ ਕੁਲਵੰਤ ਸਿੰਘ ਛਾਜਲੀ ਦੀ ਪ੍ਰੈਸ ਸਕੱਤਰ ਵਜੋਂ ਚੋਣ ਕੀਤੀ।
ਇਜਲਾਸ ਵਲੋਂ ਪਾਸ ਕੀਤੇ ਮਤਿਆਂ ਵਿੱਚ ਕਿਸਾਨ ਅੰਦੋਲਨ ਉਤੇ ਮਾਨ ਸਰਕਾਰ ਵਲੋਂ ਕੀਤੇ ਜਾਬਰ ਹਮਲੇ, ਲਗਾਤਾਰ ਕੀਤੇ ਜਾ ਰਹੇ ਝੂਠੇ ਪੁਲਿਸ ਮੁਕਾਬਲਿਆਂ ਅਤੇ ਬਿਨਾਂ ਕਿਸੇ ਅਦਾਲਤੀ ਫੈਸਲੇ ਦੇ ਕੁਝ ਚੋਣਵੇਂ ਪਰ ਛੋਟੇ ਮੋਟੇ ਨਸ਼ਾ ਤਸਕਰਾਂ ਦੇ ਘਰ ਢਾਹੁਣ ਦੀ ਨਿਖੇਧੀ ਕੀਤੀ ਗਈ। ਇਕ ਹੋਰ ਮਤੇ ਵਿੱਚ ਦਲਿਤ ਮਜ਼ਦੂਰਾਂ ਨੂੰ ਸੁਚੇਤ ਕੀਤਾ ਗਿਆ ਕਿ ਉਹ ਬੀਜੇਪੀ ਵਲੋਂ ਮਜ਼ਦੂਰਾਂ ਨੂੰ ਕਿਸਾਨਾਂ ਖਿਲਾਫ ਭੜਕਾਉਣ ਅਤੇ ਅਪਣੇ ਪਿੱਛੇ ਖਿੱਚਣ ਦੀ ਸਾਜ਼ਿਸ਼ ਪ੍ਰਤੀ ਜਾਗਰੂਕ ਹੋਣ ਅਤੇ ਇਸ ਨੂੰ ਅਸਫਲ ਬਣਾਉਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।