ਚੰਡੀਗੜ੍ਹ, 22 ਮਾਰਚ 2025 – ਭਾਜਪਾ ਨੇਤਾ ਡਾ. ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਲਿਖ ਕੇ 23 ਮਾਰਚ ਨੂੰ ਹੋਣ ਵਾਲੇ ਪੌਪ ਗਾਇਕ ਹਨੀ ਸਿੰਘ ਦੇ ਸ਼ੋਅ ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ।
ਡਾ. ਸ਼ਰਮਾ ਨੇ ਪੱਤਰ ਵਿੱਚ ਲਿਖਿਆ ਕਿ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ 23 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਪੂਰਾ ਦੇਸ਼ ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਅਜਿਹੇ ਪਵਿੱਤਰ ਮੌਕੇ ‘ਤੇ ਚੰਡੀਗੜ੍ਹ ਵਿੱਚ ਹਨੀ ਸਿੰਘ ਦਾ ਸੰਗੀਤ ਸਮਾਰੋਹ ਆਯੋਜਿਤ ਕਰਨਾ ਸ਼ਹੀਦਾਂ ਦੀ ਕੁਰਬਾਨੀ ਦਾ ਅਪਮਾਨ ਹੈ।
ਉਨ੍ਹਾਂ ਕਿਹਾ, “ਸਾਨੂੰ ਗਾਇਕ ਦੇ ਸ਼ੋਅ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਇਹ ਪ੍ਰੋਗਰਾਮ 23 ਮਾਰਚ ਨੂੰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦਾ ਤਰਕ ਹੈ ਕਿ ਇਸ ਮਹੱਤਵਪੂਰਨ ਦਿਨ ਨੂੰ ਭਗਤ ਸਿੰਘ ਦੇ ਆਦਰਸ਼ਾਂ ਅਤੇ ਅਜਿੱਤ ਹਿੰਮਤ ਨੂੰ ਸ਼ਰਧਾਂਜਲੀ ਦੇਣ ਲਈ ਵਰਤਿਆ ਜਾਣਾ ਚਾਹੀਦਾ ਹੈ, ਨਾ ਕਿ ਹਿੰਸਾ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਸਮਾਗਮ ਲਈ।”
ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੈਂ ਰਾਜਪਾਲ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਸ਼ੋਅ ਦੀ ਤਰੀਕ ਬਦਲਣ ਦੇ ਹੁਕਮ ਜਾਰੀ ਕਰਨ।