ਐਸਸੀ ਬੀਸੀ ਮੋਰਚੇ ਦੇ ਆਗੂ ਪਹੁੰਚੇ ਪਿੰਡ ਦੇ ਖੇੜੇ ਤੇ ਪਰ ਲਗਾਉਣ ਵਾਲੇ ਨਹੀਂ ਬੁਲਾਉਣ ਦੇ ਬਾਵਜੂਦ ਵੀ ਨਹੀਂ ਪਹੁੰਚੇ
ਮੋਹਾਲੀ, 23 ਮਾਰਚ ,ਬੋਲੇ ਪੰਜਾਬ ਬਿਊਰੋ :
ਸਾਡੇ ਦੇਸ਼ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਦਾ ਰੌਲਾ ਆਏ ਦਿਨ ਵੱਡੇ ਵੱਡੇ ਆਗੂ ਪਾਉਂਦੇ ਰਹਿੰਦੇ ਹਨ। ਮਹਿਲਾ ਕਮਿਸ਼ਨ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਹਮੇਸ਼ਾ ਤਤਪਰ ਰਹਿੰਦੀਆਂ ਹਨ। ਸਰਕਾਰਾਂ ਉਹਨਾਂ ਨੂੰ ਪੰਜਾਹ ਪ੍ਰਤੀਸ਼ਤ ਦਾ ਕੋਟਾ ਵੀ ਕਾਗਜ਼ਾਂ ਵਿੱਚ ਦੇ ਰਹੀਆਂ ਹਨ। ਪਰ ਹਕੀਕਤ ਕੁਝ ਹੋਰ ਹੈ। ਚੰਡੀਗੜ੍ਹ ਪ੍ਰਸ਼ਾਸਨ ਦੀ ਨੱਕ ਥੱਲੇ ਜਿੱਥੇ ਦੋ ਮੁੱਖ ਮੰਤਰੀ ਨਜ਼ਦੀਕ ਹਨ, ਮਹਿਲਾ ਕਮਿਸ਼ਨ ਬੈਠੇ ਹਨ, ਐਸਐਸਪੀ ਮਹਿਲਾ ਬੈਠੇ ਹਨ, ਉਸ ਏਰੀਏ ਦੀ ਕੌਂਸਲਰ ਵੀ ਮਹਿਲਾ ਹੈ। ਪਰ ਉਸ ਪਿੰਡ ਦੇ ਖੇੜੇ ਵਾਲੀ ਥਾਂ ਤੇ ਲਾਲ ਰੰਗ ਦੇ ਬੋਰਡ ਤੇ ਲਿਖਿਆ ਹੈ ਕਿ “ਜਰੂਰੀ ਬੇਨਤੀ ਖੇੜੇ ਉੱਪਰ ਔਰਤਾਂ ਦਾ ਚੜਨਾ ਮਨਾ ਹੈ।”
ਇੱਥੇ ਇਹ ਦੱਸਣ ਯੋਗ ਹੈ ਕਿ ਚੰਡੀਗੜ੍ਹ ਯੂ ਟੀ ਦੇ ਪਿੰਡ ਖੁੱਡਾ ਅਲੀ ਸ਼ੇਰ ਵਿੱਚ ਇਹ ਬੋਰਡ ਸ਼ਰੇਆਮ ਲੱਗੇ ਹੋਏ ਹਨ। ਪਰ ਨਾ ਉਥੋਂ ਦੀ ਮਹਿਲਾ ਕੌਂਸਲਰ ਨੂੰ ਇਸ ਦੀ ਪਰਵਾਹ ਹੈ ਤੇ ਨਾ ਪ੍ਰਸ਼ਾਸਨ ਨੂੰ। ਜਦ ਕਿ ਚੰਡੀਗੜ੍ਹ ਦੀ ਐਸਐਸਪੀ ਮਹਿਲਾ ਹੈ ਤੇ ਪੰਜਾਬ ਤੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਵੀ ਇਹਦੇ ਨਜ਼ਦੀਕ ਹੀ ਹਨ, ਮਹਿਲਾ ਕਮਿਸ਼ਨ ਦੇ ਮੁੱਖ ਦਫਤਰ ਵੀ ਚੰਡੀਗੜ੍ਹ ਯੂ ਟੀ ਵਿੱਚ ਹਨ, ਪਰ ਇਸ ਬੋਰਡ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਪਿੰਡ ਦੇ ਕੁਝ ਮੋਹਤਬਰ ਲੋਕਾਂ ਨੇ ਇਸ ਦੇ ਵਿਰੁੱਧ ਆਵਾਜ਼ ਉਠਾਈ। ਪਰ ਇਹ ਬੋਰਡ ਲਗਾਉਣ ਵਾਲੇ ਪਿੰਡ ਦੇ ਧਨਾਢ ਵਿਅਕਤੀ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ। ਅਖੀਰ ਪਿੰਡ ਵਾਸੀਆਂ ਨੇ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਐਸਸੀ ਬੀਸੀ ਮੋਰਚੇ ਤੇ ਪਹੁੰਚ ਕੀਤੀ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਆਗੂਆਂ ਸਮੇਤ ਪਿੰਡ ਵਿੱਚ ਆਕੇ ਆਪ ਇਹ ਸਭ ਦੇਖਿਆ ਤੇ ਜਿਸ ਨੇ ਇਹ ਤੁਗਲਕੀ ਫੁਰਮਾਨ ਜਾਰੀ ਕੀਤਾ ਹੈ, ਉਸ ਵਿਅਕਤੀ ਨੂੰ ਬੁਲਾਇਆ ਗਿਆ, ਪਰ ਉਹ ਨਾ ਆਇਆ ਤੇ ਅੱਜ 8-10 ਦਿਨ ਬੀਤ ਜਾਣ ਵੀ ਇਹ ਬੋਰਡ ਜਿਉਂ ਦਾ ਤਿਉਂ ਹੈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਹਿਲਾਵਾਂ ਦਾ ਖੇੜੇ ਤੇ ਆਉਣਾ ਮਨਾ ਹੈ ਦਾ ਬੋਰਡ ਸਰਕਾਰਾਂ ਵੱਲੋਂ ਕੀਤੇ ਜਾਂਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲਦਾ ਹੈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬੋਰਡ ਨੂੰ ਸਖਤੀ ਨਾਲ ਉਤਰਵਾਇਆ ਜਾਵੇ ਤੇ ਲਗਾਉਣ ਵਾਲੇ ਵਿਅਕਤੀ ਤੇ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਹੋਰ ਸ਼ਰਾਰਤੀ ਅਨਸਰ ਮਹਿਲਾਵਾਂ ਦਾ ਨਿਰਾਦਰ ਕਰਨ ਦੀ ਹਿੰਮਤ ਨਾ ਕਰ ਸਕੇ। ਜੇਕਰ ਪ੍ਰਸ਼ਾਸਨ ਨੇ ਹਾਲੇ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਮੋਰਚਾ ਆਗੂ ਮਹਿਲਾਵਾਂ ਦੀ ਹੋ ਰਹੀ ਇਸ ਬੇਇਜਤੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਐਕਸ਼ਨ ਕਰਨਗੇ।
ਪ੍ਰੈਸ ਨਾਲ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ ਲਾਲ ਤੇ ਬਲਜੀਤ ਸਿੰਘ ਖਾਲਸਾ ਨੇ ਗੱਲਬਾਤ ਕਰਦਿਆਂ ਪ੍ਰਸ਼ਾਸਨ ਤੋਂ ਇਸ ਸ਼ਰਮਨਾਕ ਮਸਲੇ ਤੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਮਹਿਲਾ ਕਮਿਸ਼ਨ ਨੂੰ ਅਤੇ ਮਾਨਯੋਗ ਐਸਐਸ ਪੀ ਸਾਹਿਬਾ ਨੂੰ ਇਸ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ।