ਚੰਡੀਗੜ੍ਹ, 23 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ‘ਚ HRTC ਦੀਆਂ ਬੱਸਾਂ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਖਤ ਕਦਮ ਚੁੱਕਣ ਦੀ ਚਿਤਾਵਨੀ ਦੇ ਦਿੱਤੀ ਹੈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੰਜਾਬ HRTC ਬੱਸਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਉਂਦਾ, ਤਦ ਤੱਕ 600 ਹਿਮਾਚਲੀ ਬੱਸਾਂ ਪੰਜਾਬ ‘ਚ ਨਹੀਂ ਰੁਕਣਗੀਆਂ।
ਉਨ੍ਹਾਂ ਨੇ ਕਿਹਾ ਕਿ ਹੁਣ ਹਿਮਾਚਲ ਦੀਆਂ ਬੱਸਾਂ ਪੰਜਾਬ ਦੇ ਬੱਸ ਅੱਡਿਆਂ ‘ਚ ਪਾਰਕ ਨਹੀਂ ਹੋਣਗੀਆਂ। ਹਾਲਾਂਕਿ, ਇਹ ਬੱਸਾਂ ਸੜਕ ‘ਤੇ ਚੱਲਦੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਹਿਮਾਚਲ ਸਰਕਾਰ ਨੇ ਕੇਂਦਰ ਸਰਕਾਰ ਨਾਲ ਵੀ ਸੰਪਰਕ ਕੀਤਾ ਹੈ ਤਾਂ ਕਿ ਇਸ ਵਿਵਾਦ ਦਾ ਤੁਰੰਤ ਹੱਲ ਨਿਕਲੇ।
ਅਗਨੀਹੋਤਰੀ ਨੇ ਦੱਸਿਆ ਕਿ HRTC ਦੀਆਂ 600 ਤੋਂ ਵੱਧ ਬੱਸਾਂ ਪੰਜਾਬ ਰਾਹੀਂ ਹੋਰ ਰਾਜਾਂ ਤੱਕ ਜਾਂਦੀਆਂ ਹਨ। ਹਾਲਾਤ ਨੂੰ ਵੇਖਦਿਆਂ, ਕੁਝ ਰੂਟ ਰੱਦ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਯਾਤਰੀਆਂ , ਡਰਾਈਵਰਾਂ ਅਤੇ ਕੰਡਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਉਮੀਦ ਜਤਾਈ ਕਿ ਦੋਵੇਂ ਰਾਜਾਂ ਦੀਆਂ ਸਰਕਾਰਾਂ ਮਸਲੇ ਦਾ ਹੱਲ ਕੱਢਣ ਲਈ ਮਿਲ ਬੈਠਣਗੀਆਂ। ਹਿਮਾਚਲ ਦੇ ਅਧਿਕਾਰੀ ਪੰਜਾਬ ਸਰਕਾਰ ਨਾਲ ਸੰਪਰਕ ‘ਚ ਹਨ।
