ਤਰਨਤਾਰਨ, 23 ਮਾਰਚ,ਬੋਲੇ ਪੰਜਾਬ ਬਿਊਰੋ :
ਤਰਨਤਾਰਨ ਦੇ ਪਿੰਡ ਦੇਉ ਦੇ ਨੌਜਵਾਨ ਦੀ ਕੈਨੇਡਾ ਵਿਖੇ ਅਟੈਕ ਨਾਲ ਮੌਤ ਹੋ ਗਈ। 7 ਮਹੀਨੇ ਪਹਿਲਾਂ ਵੱਡੇ ਸੁਪਨੇ ਲੈ ਕੇ ਕੈਨੇਡਾ ਪਹੁੰਚੇ 32 ਸਾਲਾ ਰੁਪਿੰਦਰ ਸਿੰਘ ਦੀ ਕੈਲਗਰੀ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਪਤਨੀ ਨਵਜੋਤ ਕੌਰ ਨੇ ਦੱਸਿਆ ਕਿ ਰੁਪਿੰਦਰ ਸਿੰਘ ਵਿਦੇਸ਼ ਜਾਂਦੇ ਹੀ ਕੰਮ ਦੀ ਭਾਲ ’ਚ ਲੱਗਿਆ ਰਿਹਾ। ਕਈ ਮਹੀਨਿਆਂ ਤੱਕ ਕਿਸੇ ਕੰਮ ਦੀ ਵਿਵਸਥਾ ਨਾ ਹੋਣ ਕਾਰਨ ਉਹ ਤਣਾਅ ’ਚ ਰਹਿੰਦਾ ਸੀ। ਕੁਝ ਦਿਨ ਪਹਿਲਾਂ ਹੀ ਉਸਨੂੰ ਨੌਕਰੀ ਮਿਲੀ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਪਰਿਵਾਰ ਨੇ ਦੱਸਿਆ ਕਿ ਜ਼ਮੀਨ ਵੇਚ ਕੇ 22 ਲੱਖ ਰੁਪਏ ਲਗਾ ਕੇ ਉਨ੍ਹਾਂ ਨੇ ਰੁਪਿੰਦਰ ਨੂੰ ਵਿਦੇਸ਼ ਭੇਜਿਆ ਸੀ। ਪਰਿਵਾਰ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਰੁਪਿੰਦਰ ਸਿੰਘ ਦੀ 5 ਸਾਲ ਦੀ ਬੇਟੀ ਹੁਣ ਪਿਤਾ ਦੀ ਯਾਦ ’ਚ ਖਾਮੋਸ਼ ਹੈ। ਪਰਿਵਾਰ ਨੇ ਸਰਬਤ ਦਾ ਭਲਾ ਟਰੱਸਟ ਅਤੇ ਪੰਜਾਬ ਸਰਕਾਰ ਕੋਲ ਬੇਨਤੀ ਕੀਤੀ ਹੈ ਕਿ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਪਰਿਵਾਰ ਅੰਤਿਮ ਰਸਮਾਂ ਕਰ ਸਕੇ।
