ਚੰਡੀਗੜ੍ਹ 23 ਮਾਰਚ ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਰਾਮਦਰਬਾਰ ਵਿੱਚ ਬੀਤੀ ਰਾਤ 12ਵੀਂ ਜਮਾਤ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਚਸ਼ਮਦੀਦਾਂ ਮੁਤਾਬਕ 4 ਤੋਂ 5 ਹਮਲਾਵਰਾਂ ਨੇ ਉਸ ਨੂੰ ਮੰਡੀ ਗਰਾਊਂਡ ਨੇੜੇ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਰਾਹਗੀਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਜੀਐਮਸੀਐਚ-32 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਰਾਮਦਰਬਾਰ ਦਾ ਰਹਿਣ ਵਾਲਾ ਵਿਵੇਕ ਸਰਕਾਰੀ ਸਕੂਲ ‘ਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਰਾਤ ਨੂੰ ਆਪਣੇ ਦੋਸਤਾਂ ਨਾਲ ਬਾਜ਼ਾਰ ਜਾ ਰਿਹਾ ਸੀ। ਰਸਤੇ ਵਿੱਚ ਮੰਡੀ ਗਰਾਊਂਡ ਨੇੜੇ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਇਸ ਤੋਂ ਪਹਿਲਾਂ ਵੀ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕੀਤੀ ਸੀ। ਹਮਲਾਵਰ ਉਸੇ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਹਨ। ਨੌਜਵਾਨਾਂ ਦਾ ਵਿਵੇਕ ਨਾਲ ਪਹਿਲਾਂ ਵੀ ਝਗੜਾ ਚੱਲ ਰਿਹਾ ਸੀ।