ਚੰਡੀਗੜ੍ਹ 23 ਮਾਰਚ ,ਬੋਲੇ ਪੰਜਾਬ ਬਿਊਰੋ :
ਨਵ ਨਿਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਨਾਭਾ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਫਰੰਟ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਨਾਭਾ ਨੇ ਸਾਲ 2025 ਲਈ ਵਿਭਾਗ ਵੱਲੋਂ ਕੀਤੀਆਂ ਜਾਣ ਵਾਲੀਆ ਜਨਰਲ ਬਦਲੀਆਂ ਲਈ ਸਕੂਲ ਆਫ ਐਮੀਨੈਂਸ ਨੂੰ ਤਰਜੀਹ ਦੇਣ ਦੀ ਥਾਂ ਜਿੱਥੇ ਸਾਰੇ ਸਕੂਲਾਂ ਲਈ ਸਮੇਂ ਸਿਰ ਆਨਲਾਈਨ ਪੋਰਟਲ ਖੋਲਣ ਦੀ ਮੰਗ ਕੀਤੀ ਉੱਥੇ ਹੀ ਅਧਿਆਪਕਾਂ ਨੂੰ ਬਿਨਾਂ ਕਿਸੇ ਸ਼ਰਤ ਕੁਝ ਸਕੂਲਾਂ ਦੇ ਸਟੇਸ਼ਨਾਂ ਤੱਕ ਸੀਮਿਤ ਕਰਨ ਦੀ ਥਾਂ ਬਰਾਬਰ ਮੌਕੇ ਦਿੱਤੇ ਜਾਣ। ਕਿਉਂਕਿ ਸਿੱਖਿਆ ਵਿਭਾਗ ਵੱਲੋਂ ਪਿੱਛਲੇ ਦਿਨੀ ਸਿਰਫ਼ ਸਕੂਲ ਆਫ ਐਮੀਨੈਂਸ ਸਕੂਲਾਂ ਵਿੱਚ ਲੈਕਚਰਾਰ ਤੇ ਮਾਸਟਰ ਕੇਡਰ ਨੂੰ ਬਦਲੀਆਂ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਫਰੰਟ ਦੇ ਆਗੂ ਮਹਿਲ ਸਿੰਘ ਜੱਬੋਵਾਲ ਨੇ ਸਿੱਖਿਆ ਵਿਭਾਗ ਦੀ ਟਰਾਂਸਫਰ ਪਾਲਸੀ 2019 ਅਨੁਸਾਰ ਕਿਹਾ ਕਿ ਹਰ ਸਾਲ ਨਵੇਂ ਸੈਸ਼ਨ ਲਈ ਬਦਲੀਆਂ ਜਨਵਰੀ ਤੋਂ ਸ਼ੁਰੂ ਕਰਕੇ ਮਾਰਚ ਤੱਕ ਮੁਕੰਮਲ ਕਰਨ ਉਪਰੰਤ ਨਵੇਂ ਸੈਸ਼ਨ ਦੌਰਾਨ ਸਾਰੇ ਅਧਿਆਪਕਾਂ ਨੂੰ ਨਵੇਂ ਸਕੂਲ ਵਿੱਚ ਭੇਜਿਆ ਜਾਵੇਗਾ ਪਰ ਸਿੱਖਿਆ ਵਿਭਾਗ ਵੱਲੋਂ ਅਜੇ ਤੱਕ ਕਦੇ ਵੀ ਜਨਰਲ ਬਦਲੀਆਂ ਲਈ ਸਮੇਂ ਸਿਰ ਪੋਰਟਲ ਨਹੀਂ ਖੋਲਿਆ ਗਿਆ।
ਅਧਿਆਪਕ ਆਗੂ ਵਿਕਰਮ ਸ਼ੁਤਰਾਣਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਆਪਣੇ ਘਰਾਂ ਤੋਂ 250-300 ਕਿਲੋਮੀਟਰ ਦੂਰ ਸਟੇਸ਼ਨਾਂ ਤੇ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਵਿਚਾਰਿਆ ਜਾਵੇ ਕਿਉਂਕਿ ਹਨ ਉਹਨਾ ਨੂੰ ਆਰਥਿਕ, ਮਾਨਸਿਕ ਤੇ ਪਰਿਵਾਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਗੂ ਜਸਵਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿ ਅਧਿਆਪਕਾਂ ਨੂੰ ਬਦਲੀਆਂ ਕਰਵਾਉਣ ਲਈ ਪ੍ਰੋਬੇਸ਼ਨ ਪੀਰੀਅਡ ਤੋਂ ਛੋਟ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਧਾਰਿਤ ਸ਼ਰਤਾਂ ਬਿਨਾਂ ਸਭ ਨੂੰ ਬਦਲੀ ਦਾ ਬਰਾਬਰ ਮੌਕਾ ਦਿੱਤਾ ਜਾਵੇ। ਇਸ ਮੌਕੇ ਅਨਿਲ ਕੁਮਾਰ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਸੰਦੀਪ ਕੌਰ ਅਤੇ ਮੈਡਮ ਹਰਕਮਲਪ੍ਰੀਤ ਕੌਰ ਹਾਜ਼ਰ ਰਹੇ।