1 ਫਰਵਰੀ 2003 ਨੂੰ ਪੁਲਾੜ ਤੋਂ ਵਾਪਸ ਆਉਂਦੇ ਵਕ਼ਤ ਆਪਣੇ ਸਾਥੀ ਵਿਗਿਆਨਕਾਂ ਸਮੇਤ ਕਲਪਨਾ ਚਾਵਲਾ ਦੀ ਮੌਤ ਹੋ ਗਈ ਸੀ…
ਵਿਗਿਆਨਕ ਯੁੱਗ ਦੇ ਇਸ ਨਿਵੇਕਲੇ ਕਾਰਜ ਨੂੰ ਖੁਸ਼ਾਮਦੀਦ…
ਫ਼ਤਿਹਗੜ੍ਹ ਸਾਹਿਬ,20, ਮਾਰਚ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
5 ਜੂਨ 2024 ਨੂੰ ਪੁਲਾੜ ਵਿੱਚ ਗਏ ਪੁਲਾੜ ਏਜੰਸੀ ਨਾਸਾ (NASA) ਦੇ ਦੋ ਮਹਾਨ ਵਿਗਿਆਨੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਪਿਛਲੇ ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ (ISS) ਵਿੱਚ ਫਸੇ ਹੋਏ ਸਨ। ਉਹਨਾ ਦੇ ਪੁਲਾੜ ਵਾਹਨ ‘ਸਟਾਰਲਾਈਨਰ ਕੈਪਸੂਲ’ ਵਿੱਚ ਹੀਲੀਅਮ ਗੈਸ ਦੇ ਰਿਸਣ ਅਤੇ ਉਸਦੀ ਰਫ਼ਤਾਰ ਹੌਲੀ ਹੋਣ ਕਾਰਨ ਤਕਨੀਕੀ ਨੁਕਸ ਪੈ ਗਿਆ ਸੀ, ਜਿਸ ਕਾਰਨ ਦੋਵੇਂ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਫਸ ਗਏ ਸਨ, ਜਿਹੜਾ ਕਿ ਧਰਤੀ ਦੇ ਹੇਠਲੇ ਆਰਬਿਟ ਵਿੱਚ 400 ਕਿਲੋਮੀਟਰ ਦੀ ਉਚਾਈ ‘ਤੇ ਸਥਿੱਤ ਹੈ, ਕਿਉਂਕਿ ਜ਼ਿਆਦਾ ਉਚਾਈ ‘ਤੇ ਸਥਾਪਿਤ ਕੀਤੇ ਪੁਲਾੜ ਸਟੇਸ਼ਨ ‘ਤੇ ਪਹੁੰਚਣ ਵਾਸਤੇ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਸ ਔਖੇ ਸਮੇਂ ਵਿੱਚ ਵੀ ਇਹਨਾਂ ਵਿਗਿਆਨੀਆਂ ਨੇ ਸਬਰ ਸੰਤੋਖ ਤੋਂ ਕੰਮ ਲੈਂਦੇ ਹੋਏ ਆਪਣੇ ਹੌਂਸਲਿਆਂ ਨੂੰ ਪਸਤ ਨਹੀਂ ਹੋਣ ਦਿੱਤਾ ਅਤੇ ਉਹਨਾਂ ਨੇ ਪੁਲਾੜ ਵਿੱਚ ਲਗਾਤਾਰ ਨਵੇਂ ਤੋਂ ਨਵੇਂ 150 ਤਜ਼ਰਬੇ ਕੀਤੇ। ਜਦਕਿ ਇੱਥੇ ਧਰਤੀ ‘ਤੇ ਨਾਸਾ ਦੇ ਵਿਗਿਆਨੀਆਂ ਨੇ ਉਹਨਾ ਦੋਵਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਸਨ, ਜਿਸ ਵਿੱਚ ਵਿਗਿਆਨ ਦੀ ਜਿੱਤ ਹੋਈ ਅਤੇ ਦੋਵਾਂ ਵਿਗਿਆਨੀਆਂ ਦੀ ਧਰਤੀ ‘ਤੇ ਮੁੜ ਵਾਪਸੀ ਦਾ ਦਰਵਾਜ਼ਾ ਖੁੱਲ੍ਹਿਆ।
15 ਮਾਰਚ 2025 ਨੂੰ ‘ਸਪੇਸਐਕਸ ਕੈਪਸੂਲ’ ਵਿੱਚ ਸਵਾਰ ਹੋਕੇ ਅਮਰੀਕਾ, ਜਪਾਨ, ਰੂਸ ਅਤੇ ਚੀਨ ਦੇ 9 ਪੁਲਾੜ ਵਿਗਿਆਨੀ 16 ਮਾਰਚ ਨੂੰ ਸਹੀ ਸਲਾਮਤ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜਣ ਵਿੱਚ ਕਾਮਯਾਬ ਹੋ ਗਏ ਜਿੱਥੇ ਪਿਛਲੇ ਨੌਂ ਮਹੀਨਿਆਂ ਤੋਂ ਫਸੇ ਹੋਏ ਦੋਵਾਂ ਵਿਗਿਆਨੀਆਂ ਵੱਲੋਂ ਇਹਨਾਂ ਨਵੇਂ ਯਾਤਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮਨੁੱਖੀ ਸੱਭਿਅਤਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਅਮਰੀਕੀ ਸਮੇਂ ਅਨੁਸਾਰ 18 ਮਾਰਚ ਨੂੰ ਸ਼ਾਮ ਦੇ ਕਰੀਬ 6 ਵਜੇ 9 ਮਹੀਨੇ ਬਾਅਦ ਇਸ ਧਰਤੀ ‘ਤੇ ਵਾਪਸ ਪਰਤ ਰਹੇ ਹਨ।