ਹੁਸ਼ਿਆਰਪੁਰ, 19 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਹਿਮਾਚਲ ਦੀਆਂ ਬੱਸਾਂ ’ਤੇ ਹੋਏ ਹਮਲੇ ਤੋਂ ਬਾਅਦ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਊਨਾ ਤੋਂ ਹੁਸ਼ਿਆਰਪੁਰ ਤੱਕ ਦੇ 10 ਰੂਟ ਤਤਕਾਲ ਪ੍ਰਭਾਵ ਨਾਲ ਸਸਪੈਂਡ ਕਰ ਦਿੱਤੇ ਹਨ। ਹੁਣ ਅਗਲੇ ਹੁਕਮਾਂ ਤਕ ਊਨਾ ਤੋਂ ਹੁਸ਼ਿਆਰਪੁਰ ਲਈ ਹਿਮਾਚਲ ਕਾਰਪੋਰੇਸ਼ਨ ਦੀ ਕੋਈ ਵੀ ਬੱਸ ਨਹੀਂ ਚੱਲੇਗੀ।
ਜਾਣਕਾਰੀ ਮੁਤਾਬਕ, ਚੰਡੀਗੜ੍ਹ, ਬੱਦੀ ਅਤੇ ਨਾਲਾਗੜ੍ਹ ਵੱਲ ਜਾਣ ਵਾਲੀਆਂ ਬੱਸਾਂ ਚੱਲ ਰਹੀਆਂ ਹਨ। ਉੱਥੇ ਹੀ ਹੁਸ਼ਿਆਰਪੁਰ ਲਈ ਪੰਜਾਬ ਰੋਡਵੇਜ਼ ਅਤੇ ਨਿੱਜੀ ਬੱਸਾਂ ਦੀ ਸੇਵਾ ਜਾਰੀ ਹੈ।
ਇਸ ਘਟਨਾ ਤੋਂ ਬਾਅਦ ਪੰਜਾਬ-ਹਿਮਾਚਲ ਐਂਟਰੀ ਪੁਆਇੰਟ ’ਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਅੱਜ ਗੁਰਦੁਆਰਾ ਰੇਲਵੇ ਮੰਡੀ ਨੇੜੇ ਹੀ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਰੋਕ ਲਿਆ, ਜਿਸ ਕਾਰਨ ਦੋਹਾਂ ਪਾਸਿਆਂ ਵਿਚ ਤਣਾਅ ਵਧ ਗਿਆ।
ਦੋ ਘੰਟੇ ਦੀ ਗੱਲਬਾਤ ਤੋਂ ਬਾਅਦ ਪੁਲਿਸ ਨੇ ਹਿਮਾਚਲ ਬਾਰਡਰ ਤੋਂ 4-5 ਕਿੱਲੋਮੀਟਰ ਪਹਿਲਾਂ ਤਕ ਹੀ ਰੋਸ ਮਾਰਚ ਦੀ ਇਜਾਜ਼ਤ ਦਿੱਤੀ। ਹਾਲਾਤ ਤਣਾਅਪੂਰਣ ਦੇਖਦੇ ਹੋਏ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।
