ਰੋਪੜ,19, ਮਾਰਚ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ ):
ਸਰਕਾਰੀ ਕਾਲਜ ਰੋਪੜ ਵਿੱਚ ਪੜਦੀਆਂ ਕਈ ਲੜਕੀਆਂ ਦੀਆਂ ਅਸ਼ਲੀਲ ਫੋਟੋਆਂ ਏ ਆਈ (ਆਰਟੀਫਿਸ਼ਲ ਇੰਟੈਲੀਜੈਂਸੀ ) ਰਾਹੀਂ ਬਣਾਕੇ ਸ਼ੋਸ਼ਲ ਮੀਡੀਆ ਉੱਪਰ ਪਾਉਣ ਵਾਲੇ ਦੋਸ਼ੀ ਉੱਪਰ ਪਰਚਾ ਦਰਜ ਕਰਵਾਕੇ ਗ੍ਰਿਫਤਾਰ ਕਰਵਾਉਣ ਦੀ ਮੰਗ ਨੂੰ ਲੈਕੇ ਐਸ ਐਸ ਪੀ ਦਫਤਰ ਤੱਕ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੁਜਾਹਰਾ ਕਰਕੇ ਧਰਨਾ ਦਿੱਤਾ ਗਿਆ । ਇਸ ਮੌਕੇ ਪੀਐਸਯੂ ਦੇ ਜਿਲਾ ਪ੍ਰਧਾਨਦਵਿੰਦਰ ਸਿੰਘ ਰੋਪੜ ,ਸਕੱਤਰ ਮਨਪ੍ਰੀਤ ਕੌਰ ਮਨਸਾਲੀ ਅਤੇ ਰਾਣਾ ਪ੍ਰਤਾਪ ਰੰਗੀਲਪੁਰ ਨੇ ਕਿਹਾ ਕਿ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵਧ ਰਹੀਆਂ ਰੇਪ ਦੀਆਂ ਘਟਨਾਵਾਂ ਵਧ ਰਹੀਆਂ ਹਨ । ਪੰਜਾਬ ਵਿੱਚ ਲਗਾਤਾਰ ਕਤਲ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ।ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਕਰਨ ਵਿੱਚ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ।ਪੰਜਾਬ ਵਿੱਚ ਤਿੰਨ ਲੜਕੀਆਂ ਦਾ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਹੈ । ਪੁਲਿਸ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਰੋਪੜ ਵਿੱਚ ਇਸ ਘਟਨਾ ਨੂੰ ਵਾਪਰੇ ਕਿੰਨੇ ਹੀ ਦਿਨ ਬੀਤ ਚੁੱਕੇ ਹਨ ਪਰ ਪੁਲਿਸ ਕੋਲ ਸ਼ਕਾਇਤ ਦਰਜ ਕਰਵਾਉਣ ਦੇ ਬਾਵਜੂਦ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ।ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਬੜੀ ਜਲਦੀ ਘਰਾਂ ਵਿੱਚੋਂ ਗ੍ਰਿਫਤਾਰ ਕਰ ਲੈਂਦੀ ਹੈ ਪਰ ਅਜਿਹੀਆਂ ਘਟਨਾਵਾਂ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਵਿੱਚ ਪੁਲਿਸ ਸਫਲ ਨਹੀਂ ਹੁੰਦੀ । ਇਸ ਮੌਕੇ ਜਥੇਬੰਦੀ ਦੇ ਆਗੂ ਰਾਜਵੀਰ ਸਿੰਘ , ਜਤਿਨ, ਬਲਜੋਤ ਕੌਰ, ਗੁਰਲੀਨ ਕੌਰ, ਕਮਲਪ੍ਰੀਤ ਕੌਰ, ਸਨੀ , ਸ਼ਮੀਰ ਅਹਿਮਦ, ਅਭੀ, ਬਲਵਿੰਦਰ ਕੌਰ, ਜਸ਼ਨਦੀਪ ਸਿੰਘ, ਸਾਹਿਲ, ਰਨਵੀਰ ਸਿੰਘ, ਅਰਵਿੰਦਰ ਸਿੰਘ, ਜੀਵਨਜੋਤ ਕੌਰ, ਰਮਨ ਆਦਿ ਨੇ ਕਿਹਾ ਕਿ ਜੇਕਰ ਇੱਕ ਹਫਤੇ ਦੇ ਵਿੱਚ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਸੰਘਰਸ਼ ਐਮ ਐਲ ਏ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ ।