ਪਟਿਆਲਾ 19 ਮਾਰਚ ,ਬੋਲੇ ਪੰਜਾਬ ਬਿਊਰੋ :
ਸ਼ੰਭੂ ਸਰਹੱਦ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ ਅਤੇ ਨੇੜਲੇ ਪਿੰਡਾਂ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ਼ੰਭੂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਅਤੇ ਇੱਥੋਂ ਤੱਕ ਕਿ ਦੰਗਾ ਕੰਟਰੋਲ ਵਾਹਨ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਹਨ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਗਲੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਐਸਪੀ-ਪੱਧਰ ਦੇ ਅਧਿਕਾਰੀ ਕਿਹਾ, “ਸਾਨੂੰ ਖਾਸ ਥਾਵਾਂ ‘ਤੇ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਅਤੇ ਅਸੀਂ ਹੋਰ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਾਂ। ਸਾਨੂੰ ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਸਾਨੂੰ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਤਾਇਨਾਤ ਕੀਤਾ ਗਿਆ ਹੈ, ਜਾਂ ਹੋਰ ਕਿਸੇ ਕਾਰਨ।”
ਟੋਇੰਗ ਹੁੱਕਾਂ ਵਾਲੇ ਟਰੈਕਟਰ ਸ਼ੰਭੂ ਵਿਖੇ ਪੁਲਿਸ ਚੌਕੀ ਦੇ ਨੇੜੇ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਜਿਹੜੇ ਕਿਸਾਨ ਕੇਂਦਰ ਨਾਲ ਗੱਲਬਾਤ ਲਈ ਚੰਡੀਗੜ੍ਹ ਗਏ ਵਫ਼ਦ ਦਾ ਹਿੱਸਾ ਨਹੀਂ ਸਨ, ਇਲਾਕੇ ਵਿੱਚ ਇਕੱਠੇ ਹੋ ਰਹੇ ਹਨ।ਸ਼ੰਭੂ ਤੋਂ 15 ਕਿਲੋਮੀਟਰ ਦੂਰ ਬਨੂੜ ਦੇ ਨੇੜੇ ਵਾਧੂ ਬਲਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਬਨੂੜ ਦੇ ਨੇੜੇ ਪੁਲਿਸ ਵੱਲੋਂ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਯਾਤਰੀਆਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਕਿੱਥੇ ਜਾ ਰਹੇ ਹਨ।ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਸੋਸ਼ਲ ਮੀਡੀਆ ਵੀਡੀਓ ਜਾਰੀ ਕਰ ਕੇ ਮਾਲਵੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਖਨੌਰੀ ਮੋਰਚੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ ਕਿਉਂਕਿ ਉਹ ਜਿੱਤੀ ਬਾਜ਼ੀ ਹਾਰਨਾ ਨਹੀਂ ਚਾਹੁੰਦੇ। ਉਨ੍ਹਾਂ ਦੱਸਿਆ ਕਿ ਲੱਡਾ ਕੋਠੀ ਵਿਖੇ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਦੀ ਪੁਲੀਸ ਫੋਰਸ ਇਕੱਠੀ ਕੀਤੀ ਗਈ ਹੈ ਅਤੇ ਕਿਸੇ ਵੀ ਸਮੇਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਖਦੇੜਨ ਲਈ ਹਮਲਾ ਹੋ ਸਕਦਾ ਹੈ।ਉਧਰ ਵੱਡੀ ਤਾਦਾਦ ’ਚ ਲੱਡਾ ਕੋਠੀ ਵਿਖੇ ਪੁਲਿਸ ਦੀ ਨਫਰੀ ਵੇਖ ਲੋਕਾਂ ’ਚ ਤਰਾਂ ਤਰਾਂ ਦੇ ਚਰਚੇ ਚੱਲ ਰਹੇ ਹਨ। ਲੋਕਾਂ ’ਚ ਇਹ ਚਰਚਾ ਹੈ ਕਿ ਪੁਲੀਸ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ।