ਮੁਹਾਲੀ, 18 ਮਾਰਚ,ਬੋਲੇ ਪੰਜਾਬ ਬਿਊਰੋ :
ਮੁਹਾਲੀ ਦੇ ਥਾਣਾ ਬਲੌਂਗੀ ਦੇ ਪਿੰਡ ਝਾਮਪੁਰ ਵਿੱਚ 15 ਸਾਲਾ ਤਰਨਜੋਤ ਸਿੰਘ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਤਰਨਜੋਤ ਹੋਲੀ ਵਾਲੇ ਦਿਨ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰ ਤਿੰਨ ਦਿਨਾਂ ਤੋਂ ਭਾਲ ਕਰ ਰਿਹਾ ਸੀ। ਅੱਜ ਉਸ ਦੀ ਲਾਸ਼ ਪਾਣੀ ਦੇ ਟੋਬੇ ਵਿੱਚੋਂ ਮਿਲੀ।
ਪਿਤਾ ਸਤਪਾਲ ਨੇ ਪੁੱਤਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣੇ ਵਿੱਚ ਦਰਜ ਕਰਵਾਈ ਸੀ। ਅੱਜ ਕੁਝ ਬੱਚਿਆਂ ਨੇ ਟੋਬੇ ਦੇ ਕੰਢੇ ਤਰਨਜੋਤ ਦੀਆਂ ਚੱਪਲਾਂ ਦੇਖੀਆਂ, ਜਿਸ ਤੋਂ ਬਾਅਦ ਗੋਤਾਖੋਰਾਂ ਨੇ ਲਾਸ਼ ਬਾਹਰ ਕੱਢੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਤਰਨਜੋਤ ਨਹਾਉਣ ਦੌਰਾਨ ਡੁੱਬ ਗਿਆ ਹੋਵੇਗਾ। ਲਾਸ਼ ਨੂੰ ਪੋਸਟਮਾਰਟਮ ਲਈ ਖਰੜ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
