ਚੱਲ ਚਲੀਏ ਜਰਗ ਦੇ ਮੇਲੇ…….. 

ਸਾਹਿਤ ਪੰਜਾਬ

                                  ਸਾਂਝੀਵਾਲਤਾ ਦਾ ਪ੍ਰਤੀਕ -ਜਰਗ ਦਾ ਮੇਲਾ                      —————————————

ਪੁਰਾਤਨ ਕਾਲ ਤੋਂ ਪੰਜਾਬ ਚ ਮੇਲੇ ਲੱਗਦੇ ਆ ਰਹੇ ਹਨ।ਭਾਵੇਂ ਇਹ ਮੇਲੇ ਅੱਜ ਉਸ ਜਾਹੋਜਲਾਲ ਨਾਲ ਨਹੀਂ ਮਨਾਏ ਜਾਂਦੇ,ਜਿਸ ਤਰਾਂ ਪਹਿਲਾਂ ਮਨਾਏ ਜਾਂਦੇ ਸਨ।ਉਦੋਂ ਮੇਲੇ ਉੱਤੇ ਜਾਣ ਲਈ ਲੋਕਾਂ ਵੱਲੋਂ ਕਈ ਕਈ ਦਿਨ ਅਗੇਤਰ ਤਿਆਰੀ ਆਰੰਭ ਦਿੱਤੀ ਜਾਂਦੀ ਸੀ।ਨਵੇਂ ਕੱਪੜੇ ਤੇ ਸੰਮਾ ਵਾਲੀ ਡਾਂਗ ਮੇਲੇ ਦੀ ਤਿਆਰ ਦੀ ਪਛਾਣ ਹੁੰਦੀ ਸੀ।ਪਰ ਹੁਣ ਇਨਾਂ ਮੇਲਿਆਂ ਚ ਬੜਾ ਬਦਲਾਅ ਆ ਗਿਆ ਹੈ।

      ਪੰਜਾਬ ਦੇ ਪ੍ਰਸਿੱਧ ਮੇਲਿਆਂ ਚੋਂ ਇੱਕ ਮੇਲਾ ਹੈ ਜਰਗ ਦਾ।ਜੋ ਅੱਜ ਵੀ ਮਕਬੂਲ ਹੈ ਤੇ ਪੂਰੇ ਜੋਸ਼ੋ ਖ਼ਰੋਸ਼ ਨਾਲ ਮਨਾਇਆ ਜਾਂਦਾ ਹੈ।ਸਾਂਝੀਵਾਲਤਾ ਦਾ ਪ੍ਰਤੀਕ ਇਹ ਮੇਲਾ ਨਾ ਕੇਵਲ ਇਲਾਕੇ ਚ ਬਲਕੇ ਪੂਰੇ ਪੰਜਾਬ ਚ ਮਸ਼ਹੂਰ ਹੈ।ਇਸ ਮੇਲੇ ਉੱਤੇ ਜਾਣ ਦੇ ਚਾਅ ਨੂੰ ਲੈ ਕੇ ਕਿਸੇ ਸਮੇਂ ਇੱਕ ਗੀਤ ਬੜਾ ਮਸ਼ਹੂਰ ਹੋਇਆ  ਕਰਦਾ ਸੀ।ਉਹ ਇਹ ਕੇ,

              ”ਚੱਲ ਚਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ”

    ਪਿੰਡ ਜਰਗ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦਾ ਇੱਕ ਮਸ਼ਹੂਰ ਪਿੰਡ ਹੈ।ਜੋ ਪਾਇਲ ਤੋਂ 15 ਕਿਲੋਮੀਟਰ ਦੂਰੀ ਉੱਤੇ ਖੰਨਾ ਮਲੇਰਕੋਟਲਾ ਰੋਡ ਤੇ ਵਸਿਆ ਹੋਇਆ ਪੁਰਾਤਨ ਪਿੰਡ ਹੈ।ਜਿਸ ਨੂੰ ਅੱਜ ਤੋ ਕਰੀਬ ਢਾਈ ਹਜਾਰ ਸਾਲ ਪਹਿਲਾਂ ਸੀਸ ਦਾਨੀ ਰਾਜਾ ਜਗਦੇਵ ਨੇ ਵਸਾਇਆ ਸੀ।ਜੇ ਗੱਲ ਕਰੀਏ ਮੇਲੇ ਦੀ ਤਾਂ ਇਹ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਲੱਗਦਾ ਹੈ।ਜੋ ਇਸ ਵਾਰ 18ਮਾਰਚ ਨੂੰ ਹੈ।ਜਦ ਕੇ ਦੂਜਾ ਮੇਲਾ 25 ਮਾਰਚ ਨੂੰ ਭਰੇਗਾ।ਇਸ ਨੂੰ ਛੋਟਾ ਮੇਲਾ ਕਿਹਾ ਜਾਂਦਾ ਹੈ।ਇੱਥੇ ਮੁੱਖ ਤੌਰ ਤੇ ਚਾਰ ਮੰਦਿਰ ਹਨ।ਜੋ ਸ਼ੀਤਲਾ ਮਸਾਣੀ ਜਾਂ ਵੱਡੀ ਮਾਤਾ,ਬਸੰਤੀ ਜਾਂ ਨਿੱਕੀ ਮਾਤਾ,ਮਾਤਾ ਮਦਾਨ ਜਾਂ ਮਾਤਾ ਕਾਲੀ  ਅਤੇ ਬਾਬਾ ਫ਼ਰੀਦ ਸ਼ਕਰਗੰਜ ਦੇ ਹਨ।ਇਸ ਮੇਲੇ ਦੌਰਾਨ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।ਏਥੇ ਮਾਤਾ ਦੀ ਮਾੜੀ ਬਣੀ ਹੋਈ ਹੈ।ਜਿਨ੍ਹਾਂ ਬੱਚਿਆਂ ਨੂੰ ਛੋਟੀ ਮਾਤਾ ਤੇ ਵੱਡੀ ਮਾਤਾ ਨਿਕਲ ਆਵੇ,ਉਹ ਬੱਚੇ ਨੂੰ ਨੁਕਸਾਨ ਨਾ ਕਰੇ, ਇਸ ਲਈ ਮਾਤਾ ਦੀ ਪੂਜਾ ਕਰਨ ਲਈ ਸੁੱਖਣਾ ਸੁੱਖੀ ਜਾਂਦੀ ਹੈ।ਜਦ ਮਾਤਾ ਨਿਕਲੇ ਬੱਚਿਆਂ ਨੂੰ ਆਰਾਮ ਆ ਜਾਂਦਾ ਹੈ ਤਾਂ ਸਾਲ ਪਿੱਛੋਂ ਜਰਗ ਦੀ ਮਾੜੀ ਤੇ ਜਾ ਕੇ ਮਾਤਾ ਦੀ ਪੂਜਾ ਕਰ ਕੇ ਸੁੱਖ ਲਾਹੀ ਜਾਂਦੀ  ਹੈ।ਮੇਲੇ ਤੋਂ  ਇਕ ਦਿਨ ਪਹਿਲਾਂ ਸੋਮਵਾਰ ਨੂੰ ਗੁਲਗੁਲੇ, ਮੱਠੀਆਂ,ਮਿੱਠੇ ਚੌਲ,ਮਿੱਠੀਆਂ ਰੋਟੀਆਂ ਆਦਿ ਬਣਾਈਆਂ ਜਾਂਦੀਆਂ ਹਨ।ਸੋਮਵਾਰ ਦੀ ਰਾਤ ਨੂੰ ਹੀ ਬਰੂੜ ਭਿਉਂਤੇ ਜਾਂਦੇ ਹਨ।ਮੰਗਲਵਾਰ ਨੂੰ ਮਾੜੀ ਤੇ ਪਕਾਏ ਪਕਵਾਨਾਂ ਅਤੇ ਬਰੂੜਾਂ ਨਾਲ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।ਮੱਥਾ ਟੇਕਿਆ ਜਾਂਦਾ ਹੈ।ਮਾੜੀ ਉੱਪਰ ਬੈਠੇ ਮਾਤਾ ਦੇ  ਭਗਤ ਭਜਨ ਗਾਉਂਦੇ ਹਨ।ਕਹਿੰਦੇ ਹਨ ਕੇ ਸੀਤਲਾ ਮਾਤਾ ਗਧੇ ਦੀ ਸਵਾਰੀ ਕਰਕੇ ਆਉਂਦੇ ਹਨ।ਇਸ ਲਈ ਗਧੇ ਨੂੰ ਪਕਾਏ ਪਕਵਾਨ ਤੇ ਬਰੂੜ ਚਾਰੇ ਜਾਂਦੇ ਹਨ।ਮੌਕੇ ਤੇ ਬੈਠੇ ਮਰਾਸੀਆਂ ਅਤੇ ਹੋਰ ਗਰੀਬ ਗੁਰਬਿਆਂ ਨੂੰ ਵੀ ਪਕਵਾਨ ਵੰਡੇ ਜਾਂਦੇ ਹਨ।ਮੇਲੇ ਤੋਂ ਮਹੀਨਾ ਪਹਿਲਾਂ ਹੀ ਪਿੰਡ ਦੇ ਸਾਰੇ ਘਰਾਂ ਚ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ।ਪਿੰਡ ਦੀਆਂ ਦੂਰ ਦੁਰਾਡੇ ਵਿਆਹੀਆਂ ਧੀ ਧਿਆਨੀਆਂ ਆਪਣੇ ਪਰਵਾਰ ਸਣੇ ਪੇਕੇ ਘਰ ਪੁੱਜ ਕੇ ਮੇਲੇ ਚ ਸ਼ਿਰਕਤ ਕਰਦੀਆਂ ਹਨ।ਪਰ ਹੁਣ ਲੋਕ ਪੜ੍ਹ ਲਿਖ ਗਏ ਹਨ।ਹੁਣ ਛੋਟੀ ਮਾਤਾ ਤੇ ਵੱਡੀ ਮਾਤਾ ਨੂੰ ਕਿਸੇ ਦੇਵੀ ਦੀ ਕਰੋਪੀ ਨਹੀਂ ਮੰਨਿਆ ਜਾਂਦਾ।ਸਗੋਂ ਇਸ ਨੂੰ ਬੀਮਾਰੀ ਸਮਝ ਕੇ ਇਸ ਦਾ ਮੈਡੀਕਲ ਇਲਾਜ ਕਰਵਾਇਆ ਜਾਂਦਾ ਹੈ।ਇਸ ਲਈ ਹੁਣ ਸੀਤਲਾ ਮਾਤਾ ਦੀ ਪੂਜਾ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ।

     ਇਸ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕੇ ਇਸ ਵਿਚ ਸਾਰੇ ਧਰਮਾ ਦੇ ਲੋਕ ਬਿਨਾ ਕਿਸੇ ਭੇਦ ਭਾਵ ਤੋਂ ਮੰਦਰਾਂ ਚ ਮੱਥਾ ਟੇਕਦੇ ਹਨ।ਮੇਲੇ ਵਾਲੇ ਦਿਨ ਤੜਕੇ ਹੀ ਹਜ਼ਾਰਾਂ ਦੀ ਤਾਦਾਦ ਚ ਬੱਚੇ,ਨੌਜਵਾਨ,ਬਜ਼ੁਰਗ ਅਤੇ ਔਰਤਾਂ ਮੱਥਾ ਟੇਕਣ ਲਈ ਜੁੜਨੇ ਆਰੰਭ ਹੋ ਜਾਂਦੇ ਹਨ।ਮੇਲੇ ਚ ਲੱਗੀਆਂ ਦੁਕਾਨਾਂ ਉੱਤੇ ਪੂਰੀ ਚਹਿਲ ਪਹਿਲ ਵੇਖਣ ਨੂੰ ਮਿਲਦੀ ਹੈ।ਦੁਪਹਿਰ ਤੱਕ ਇੰਨੀ ਭੀੜ ਹੋ ਜਾਂਦੀ ਹੈ ਕੇ ਸ਼ਰਧਾਲੂਆਂ ਲਈ ਮੱਥਾ ਟੇਕਣਾ ਵੀ ਮੁਸ਼ਕਲ ਹੋ ਜਾਂਦਾ ਹੈ।ਮਾਤਾ ਦੇ ਭਗਤ ਆਪਣੀਆਂ ਭੇਟਾਂ ਦੁਆਰਾ ‘ਜਰਗ ਵਾਲੀ ਮਾਈ, ਦੁਖੀ ਭਗਤਾਂ ਨੂੰ ਚਰਨੀ ਲਾਈਂ’ ਦੀ ਦੁਆ ਕਰਦੇ ਹਨ।ਮੇਲੇ ਚ ਨੁਮਾਇਸ਼ਾਂ ਜਾਦੂਗਰ,ਤਮਾਸ਼ੇ  ਤੇ ਗੀਤ ਸੰਗੀਤ ਦੇ ਰੰਗਾ ਰੰਗ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਦੀ ਸੰਪੂਰਨ ਤਸਵੀਰ ਪੇਸ਼ ਕਰਦੇ ਵੇਖੇ ਜਾ ਸਕਦੇ ਹਨ।ਸ਼ਾਮ ਤੱਕ ਮੇਲਾ ਵਿਛੜਨਾ ਸ਼ੁਰੂ ਹੋ ਜਾਂਦਾ ਹੈ ਤੇ ਯਾਦਾਂ ਪੱਲੇ ਛੱਡਦਾ ਹੋਇਆ ਬੈਂਡ ਵਾਜਿਆਂ ਤੇ ਢੋਲਾਂ ਦੀ ਗੂੰਜ ਨਾਲ ਮੂੰਹ ਹਨੇਰੇ ਇਹ ਮੇਲਾ ਸਮਾਪਤ ਹੋ ਜਾਂਦਾ ਹੈ।

      ਲੈਕਚਰਾਰ ਅਜੀਤ ਖੰਨਾ 

 ਮੋਬਾਈਲ:76967-54669 

     ਫਾਈਲ  ਫੋਟੋ : ਅਜੀਤ ਖੰਨਾ 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।