‘ਪੰਜਾਬ ਵਿਚ ਕਾਨੂੰਨ ਦਾ ਨਹੀਂ ਸਗੋਂ ਪੁਲਿਸ ਦਾ ਰਾਜ ਹੈ’: ਸਾਬਕਾ ਸਿਹਤ ਮੰਤਰੀ
ਚੰਡੀਗੜ੍ਹ, 18 ਮਾਰਚ, ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਫੌਜ ਦੇ ਕਰਨਲ ਦੀ ਬੇਵਜਾ ਕੁੱਟ-ਮਾਰ ਦੀ ਸਖ਼ਤ ਨਿਖੇਧੀ ਕੀਤੀ, ਉਨ੍ਹਾਂ ਕਿਹਾ, “ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਜਲਦ ਹੀ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।” ਕਰਨਲ ਦਾ ਅਹੁਦਾ ਸੇਨਾ ਵਿੱਚ ਬਹੁਤ ਵੱਡਾ ਹੁੰਦਾ ਹੈ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਜੋ ਦੇਸ਼ ਦੀ ਸੁਰੱਖਿਆ ਲਈ ਬਾਰਡਰ ‘ਤੇ ਲੜ੍ਹਦੇ ਹਨ ਅਸਵੀਰਕਣਯੋਗ ਹੈ।
ਸਿੱਧੂ ਨੇ ਅੱਗੇ ਕਿਹਾ, “ਪੁਲਿਸ ਵਲੋਂ ਕਿਸੇ ਆਮ ਨਾਗਰਿਕ ਉੱਤੇ ਕੀਤੀ ਗਈ ਜ਼ਿਆਦਤੀ ਵੀ ਨਿੰਦਣਯੋਗ ਹੈ, ਪਰ ਫੌਜ ਵਿੱਚ ਸੇਵਾ ਕਰ ਰਹੇ ਕਰਨਲ ਪੱਧਰ ਦੇ ਅਧਿਕਾਰੀ ਦੀ ਬਿਨਾਂ ਕਿਸੇ ਕਾਰਨ ਤੋਂ ਭਰੇ ਬਾਜ਼ਾਰ ਵਿੱਚ ਕੀਤੀ ਗਈ ਕੁੱਟ-ਮਾਰ ਇੱਕ ਅਪਰਾਧ ਹੈ ਅਤੇ ਇਹ ਕਾਨੂੰਨ ਦੀ ਸਖ਼ਤ ਉਲੰਘਣਾ ਹੈ।” ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਿੱਧ ਕਰ ਦਿਤਾ ਹੈ ਕਿ ਪੰਜਾਬ ਪੂਰੀ ਤਰ੍ਹਾਂ ਨਾਲ ਪੁਲਿਸ ਸਟੇਟ ਬਣ ਚੁੱਕਿਆ ਹੈ ਜਿੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੁਲਿਸ ਨੂੰ ਆਪਣੇ ਅਹੁਦੇ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਕਾਨੂੰਨ ਦੇ ਮੁਤਾਬਕ ਕੰਮ ਕਰਨ ਦੀ ਬਜਾਏ ਹਰ ਰੋਜ਼ ਮੁਲਜ਼ਮਾਂ ਦਾ ਐਨਕਾਉਂਟਰ ਕਰ ਰਹੀ ਹੈ।
ਸਿੱਧੂ ਨੇ ਕਿਹਾ, “ਪੰਜਾਬ ਪੁਲਿਸ ਅਪਰਾਧੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਪਰਿਵਾਰ ਦੇ ਅਪਰਾਧੀਆਂ ਦਾ ਨਾਂਅ ਲੈਣ ਦੇ ਬਾਅਦ ਵੀ ਐਫ.ਆਈ.ਆਰ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦੇ ਨਾਮ ਨਹੀਂ ਦੱਸੇ ਗਏ ਹਨ।”
ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬਿਆਨ ਕਰਦਿਆਂ ਉਨ੍ਹਾਂ ਕਿਹਾ, “ਸੂਬੇ ਵਿਚ ਸਿਆਸੀ ਲੀਡਰਸ਼ਿਪ ਦੇ ਪੂਰੀ ਤਰਾਂ ਲੜਖੜਾ ਜਾਣ ਕਰਨ ਪੈਦਾ ਹੋਈ ਸਥਿਤੀ ‘ਚ ਪੁਲਿਸ ਹੁਣ ਆਪਣੀ ਮਨਮਰਜ਼ੀ ਕਰ ਰਹੀ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਗੰਭੀਰ ਬਣ ਚੁੱਕੀ ਹੈ, ਜਿੱਥੇ ਆਏ ਦਿਨ ਕਤਲ, ਬੰਬ ਧਮਾਕੇ, ਗ੍ਰਨੇਡ ਹਮਲੇ, ਲੁੱਟਾਂ-ਖੋਹਾਂ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।”
ਸਿੱਧੂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, ਪੁਲਿਸ ‘ਤੇ ਖ਼ੂਫ਼ੀਆ ਵਿਭਾਗ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਬੁਰੀ ਤਰਾਂ ਫੇਲ੍ਹ ਹੋਏ ਹਨ, ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਸਿਆਸੀ ਲੀਡਰਸ਼ਿਪ ਦਾ ਪੁਲਿਸ ‘ਤੇ ਸਿਵਲ ਪ੍ਰਸ਼ਾਸ਼ਨ ਨਾਲ ਕੋਈ ਰਾਬਤਾ ਨਾ ਹੋਣ ਦੇ ਨਤੀਜੇ ਵਜੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਚੁੱਕੀ ਹੈ, ਜਿਸ ਦਾ ਫਾਇਦਾ ਗੈਰ ਜ਼ਿੰਮੇਵਾਰ ਅਧਿਕਾਰੀ ਵੀ ਉਠਾ ਰਹੇ ਹਨ ਅਤੇ ਅਪਰਾਧੀ ਬਿਰਤੀ ਦੇ ਵਿਅਕਤੀ ਵੀ”
ਪਟਿਆਲਾ ਵਿੱਚ ਵਾਪਰੀ ਇਸ ਘਟਨਾ ਦਾ ਸਿੱਟਾ ਕੱਢਦਿਆਂ ਸਿੱਧੂ ਨੇ ਕਿਹਾ, ” ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਤੁਰੰਤ ਬਰਖ਼ਾਸਤ ਕਰ ਕੇ ਉਨ੍ਹਾਂ ਉੱਤੇ ਬਣਦਾ ਮੁਕੱਦਮਾ ਚਲਾਇਆ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।”