ਐਸ.ਏ.ਐਸ. ਨਗਰ, 18 ਮਾਰਚ,ਬੋਲੇ ਪੰਜਾਬ ਬਿਊਰੋ :
ਜਨਰਲ ਕੈਟਾਗਿਰੀਜ਼ ਵੈਲਫੇਅਰ ਫ਼ੈਡਰੇਸ਼ਨ ਪੰਜਾਬ (ਰਜਿ:) ਦੀ ਸੂਬਾ ਕਮੇਟੀ ਦੇ ਆਗੂਆਂ ਸੂਬਾ ਪ੍ਰਧਾਨ ਸੁਖਬੀਰ ਸਿੰਘ, ਜਰਨੈਲ ਸਿੰਘ ਬਰਾੜ, ਰਣਜੀਤ ਸਿੰਘ ਸਿੱਧੂ, ਜਸਵੀਰ ਸਿੰਘ ਗੜਾਂਗ, ਕਪਿਲ ਦੇਵ ਪਰਾਸ਼ਰ, ਸੁਰਿੰਦਰ ਕੁਮਾਰ ਸੈਣੀ, ਦਿਲਬਾਗ ਸਿੰਘ, ਸੁਦੇਸ਼ ਕਮਲ ਸ਼ਰਮਾ, ਪ੍ਰਦੀਪ ਸਿੰਘ, ਅਮਨਦੀਪ ਸਿੰਘ, ਕੋਮਲ ਸ਼ਰਮਾ, ਗੁਰਜੀਤ ਸਿੰਘ, ਹਰਪਿੰਦਰ ਸਿੰਘ ਅਤੇ ਕਈ ਹੋਰਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਪਿਛਲੇ 3 ਸਾਲਾਂ ਤੋਂ ਜਨਰਲ ਕੈਟਾਗਿਰੀ ਕਮਿਸ਼ਨ ਦਾ ਚੇਅਰਮੈਨ ਅਤੇ ਸਟਾਫ਼ ਨਹੀਂ ਲਗਾ ਰਹੀ। ਜਿਸ ਕਾਰਨ ਜਨਰਲ ਵਰਗ ਦੀਆਂ ਮੁਸ਼ਕਿਲਾਂ ਨਹੀਂ ਸੁਣੀਆਂ ਜਾ ਰਹੀਆਂ। ਜਿਸ ਨੂੰ ਲੈ ਕੇ ਜਨਰਲ ਵਰਗ ਵਿਚ ਸਰਕਾਰ ਪ੍ਰਤੀ ਭਾਰੀ ਗੁੱਸਾ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਸਕੂਲ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਲੈਕਚਰਾਰਾਂ ਦੀਆਂ ਵਿਭਾਗ ਵਿਚ ਬਤੌਰ ਪ੍ਰਿੰਸੀਪਲ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੈਕਚਰਾਰ ਪਿਛਲੇ 31 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਹਨ ਪਰ ਅਜੇ ਤੱਕ ਵੀ ਵਿਭਾਗ ਵਲੋਂ ਇਨ੍ਹਾਂ ਦੀ ਇਕ ਵੀ ਤਰੱਕੀ ਨਹੀਂ ਕੀਤੀ ਗਈ। ਪਿਛਲੇ 2 ਸਾਲਾਂ ਤੋਂ ਇਹ ਸਿੱਖਿਆ ਵਿਭਾਗ ਦੇ ਸਾਰੇ ਉੱਚ—ਅਧਿਕਾਰੀਆਂ ਨੂੰ ਮਿਲ ਕੇ ਆਪਣੀ ਸਮੱਸਿਆ ਦੱਸ ਚੁੱਕੇ ਹਨ। ਇੱਥੋਂ ਤੱਕ ਕਿ ਪਿਛਲੇ ਸਾਲ ਇਨ੍ਹਾਂ ਦਾ ਤਰੱਕੀ ਕੋਟਾ 50 ਫ਼ੀਸਦੀ ਤੋਂ ਵਧਾ ਕੇ 75 ਫ਼ੀਸਦੀ ਤੱਕ ਕਰਨ ਦੀ ਗੱਲ ਉੱਚ ਅਧਿਕਾਰੀ ਵੀ ਮੰਨ ਚੁੱਕੇ ਹਨ ਪ੍ਰੰਤੂ ਅਸਲ ਰੂਪ ਵਿਚ ਇਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਤਜਰਬੇ ਵਾਲੇ ਅਨੇਕਾਂ ਲੈਕਚਰਾਰ ਬਿਨ੍ਹਾਂ ਪ੍ਰਿੰਸੀਪਲ ਤਰੱਕੀ ਲਿਆਂ ਨਿਰਾਸ਼ਾ ਵਿਚ ਹੀ ਰਿਟਾਇਰਡ ਹੋ ਰਹੇ ਹਨ। ਅਫ਼ਸਰਸ਼ਾਹੀ ਟਾਲਮਟੋਲ ਦੀ ਨੀਤੀ ਰਾਹੀਂ ਆਪਣਾ ਟਾਇਮ ਕੱਢ ਰਹੀ ਹੈ ਅਤੇ ਇਨ੍ਹਾਂ ਲੈਕਚਰਾਰਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਉਨ੍ਹਾਂ ਵਿਚ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਫ਼ੈਡਰੇਸ਼ਨ ਨੇ ਕਿਹਾ ਹੈ ਕਿ ਉਪਰੋਕਤ 2 ਮੰਗਾਂ ਸਬੰਧੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕਈ ਵਾਰੀ ਮੀਟਿੰਗ ਕਰਨ ਲਈ ਕਿਹਾ ਸੀ ਪਰ ਹਰ ਵਾਰੀ ਫ਼ੈਡਰੇਸ਼ਨ ਨੂੰ ਬਹਾਨਾ ਲਗਾ ਕੇ ਟਾਲ ਦਿੱਤਾ ਜਾਂਦਾ ਰਿਹਾ ਹੈ। ਫ਼ੈਡਰੇਸ਼ਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਕ ਪਾਸੇ ਤਾਂ ਸਰਕਾਰ ਵਲੋਂ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਮੀਟਿੰਗ ਕਰਨ ਤੋਂ ਹੀ ਪਾਸਾ ਵੱਟਿਆ ਜਾ ਰਿਹਾ ਹੈ। ਇਸ ਲਈ ਫ਼ੈਡਰੇਸ਼ਨ ਨੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਜੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 6 ਅਪ੍ਰੈਲ (ਦਿਨ ਐਤਵਾਰ) ਨੂੰ ਠੀਕ 11 ਵਜੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਸੁਨਾਮ ਸਥਿਤ ਕੋਠੀ ਮੂੁਹਰੇ ਸੰਕੇਤਕ ਰੋਸ਼ ਧਰਨਾ ਦਿੱਤਾ ਜਾਵੇਗਾ। ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ’ਤੇ ਜੂੰ ਨਾ ਸਰਕੀ ਤਾਂ 13 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਦੀ ਕੋਠੀ ਮੂਹਰੇ ਪੱਕਾ ਰੋਸ਼ ਧਰਨਾ ਲਗਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਚਿਰ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ, ਜਿਨ੍ਹਾਂ ਚਿਰ ਉਪਰੋਕਤ 2 ਮੰਗਾਂ ਦਾ ਨਿਪਟਾਰਾ ਨਹੀਂ ਹੋ ਜਾਂਦਾ। ਇਸ ਸਬੰਧੀ ਫ਼ੈਡਰੇਸ਼ਨ ਨੇ ਆਪਣੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਅਤੇ ਇਸ ਸਬੰਧੀ ਫ਼ੈਡਰੇਸ਼ਨ ਦੀ ਅਗਲੀ ਸੂਬਾ ਪੱਧਰੀ ਮੀਟਿੰਗ ਮਿਤੀ 23 ਮਾਰਚ ਨੂੰ ਹੋਵੇਗੀ।