ਲੁਧਿਆਣਾ, 18 ਮਾਰਚ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਪਿੰਡ ਬੁਰਜ ਹਰਿ ਸਿੰਘ ’ਚ ਮੰਗਲਵਾਰ ਨੂੰ ਨਸ਼ਾ ਤਸਕਰ ਅਮਰਜੀਤ ਸਿੰਘ ਉਰਫ਼ ਪੱਪਾ ਦੇ ਤਿੰਨ ਮੰਜ਼ਿਲਾ ਮਕਾਨ ’ਤੇ ਪੁਲਿਸ ਨੇ ਬੁਲਡੋਜ਼ਰ ਚਲਾ ਦਿੱਤਾ। ਲੁਧਿਆਣਾ ਦਿਹਾਤੀ ਪੁਲਿਸ ਨੇ ਸਵੇਰੇ 11 ਵਜੇ ਇਹ ਕਾਰਵਾਈ ਕੀਤੀ। ਪੱਪਾ ਨੇ ਇਹ ਮਕਾਨ ਪਿੰਡ ਦੇ ਛੱਪੜ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਇਆ ਹੋਇਆ ਸੀ।
ਪੱਪਾ ਅਤੇ ਉਸਦੇ ਦੋ ਪੁੱਤ, ਹਰਪ੍ਰੀਤ ਸਿੰਘ ਚਿੱਲੂ ਅਤੇ ਗੁਰਪ੍ਰੀਤ ਸਿੰਘ ਗੋਪੀ, ਹਾਲੇ ਜੇਲ੍ਹ ’ਚ ਹਨ, ਜਦਕਿ ਉਸ ਦੀ ਪਤਨੀ ਸੋਨੀ ਕੌਰ ਫ਼ਰਾਰ ਹੈ। ਅਮਰਜੀਤ ਸਿੰਘ ਖ਼ਿਲਾਫ਼ ਰਾਏਕੋਟ ਸਦਰ, ਰਾਏਕੋਟ ਸਿਟੀ, ਸੰਗਰੂਰ ਅਤੇ ਹਰਿਆਣਾ ’ਚ ਐਨਡੀਪੀਐਸ ਐਕਟ, ਚੋਰੀ ਅਤੇ ਲੜਾਈ ਦੇ ਕਈ ਮਾਮਲੇ ਦਰਜ ਹਨ।
ਅਮਰਜੀਤ ਦੇ ਪੁੱਤਰ ਹਰਪ੍ਰੀਤ ਸਿੰਘ ਚਿੱਲੂ ਤੇ ਗੁਰਪ੍ਰੀਤ ਸਿੰਘ ਗੋਪੀ ਖ਼ਿਲਾਫ਼ ਵੀ ਐਨਡੀਪੀਐਸ ਦੇ ਚਾਰ-ਚਾਰ ਮਾਮਲੇ ਦਰਜ ਹਨ। ਸੋਨੀ ਕੌਰ ਖ਼ਿਲਾਫ਼ ਵੀ ਐਨਡੀਪੀਐਸ ਦੇ ਤਿੰਨ ਮਾਮਲੇ ਹਨ। ਕਾਰਵਾਈ ਦੌਰਾਨ ਪੁਲਿਸ ਨੇ ਕਿਸੇ ਵੀ ਸੰਭਾਵਿਤ ਝਗੜੇ ਨੂੰ ਟਾਲਣ ਲਈ ਘਰ ਦੇ ਚੌਹਾਂ ਪਾਸੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਸੀ।
