ਫ਼ਿਰੋਜ਼ਪੁਰ, 17 ਮਾਰਚ, ਬੋਲੇ ਪੰਜਾਬ ਬਿਊਰੋ :
ਥਾਣਾ ਘੱਲਖੁਰਦ ਦੀ ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਬੀਤੇ ਦਿਨ ਬੱਸ ਕੰਡਕਟਰ ਨਾਲ ਝਗੜਾ ਕਰਨ, ਉਸ ਦੀ ਪੱਗ ਉਤਾਰਨ ਅਤੇ ਇੱਟਾਂ-ਪੱਥਰ ਮਾਰ ਕੇ ਬੱਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾਂ-ਪੁੱਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਘੱਲਖੁਰਦ ਦੇ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ‘ਚ ਸ਼ਿਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਤਰਮਾਲਾ, ਥਾਣਾ ਲੰਬੀ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੀ.ਆਰ.ਟੀ.ਸੀ ਦੀ ਬੱਸ ਦੇ ਡਰਾਈਵਰ ਕੁਲਬੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਦੋਦਾ ਸਾਹਿਬ, ਥਾਣਾ ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਅੱਗੇ ਟ੍ਰੈਫਿਕ ਜਾਮ ਕਰਕੇ ਬੱਸ ਮੁੱਦਕੀ ਬੱਸ ਸਟੈਂਡ ਤੋਂ ਕਰੀਬ 100 ਮੀਟਰ ਪਿੱਛੇ ਰੋਕ ਲਈ
ਪੀੜਤ (ਕੰਡਕਟਰ) ਨੇ ਦੱਸਿਆ ਕਿ ਜਦੋਂ ਉਸ ਨੇ ਕਸਬਾ ਮੁੱਦਕੀ ਦੇ ਰਾਹਗੀਰਾਂ ਨੂੰ ਜਾਮ ਕਾਰਨ ਹੇਠਾਂ ਉਤਰਨ ਲਈ ਕਿਹਾ ਤਾਂ ਮੁਲਜ਼ਮ ਰਾਣੀ ਪਤਨੀ ਚੰਦ ਸਿੰਘ ਅਤੇ ਉਸ ਦਾ ਲੜਕਾ ਜਸਵੰਤ ਸਿੰਘ ਉਸ ਨਾਲ ਬਹਿਸ ਕਰਨ ਲੱਗੇ।ਇਸ ਦੌਰਾਨ ਮੁਲਜ਼ਮ ਨੌਜਵਾਨ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਪੱਗ ਲਾਹ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਸੜਕ ਤੋਂ ਪੱਥਰ ਚੁੱਕ ਕੇ ਬੱਸ ‘ਤੇ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਬੱਸ ਦਾ ਸ਼ੀਸ਼ਾ ਟੁੱਟ ਗਿਆ ਅਤੇ ਬੱਸ ਦਾ ਕਾਫੀ ਨੁਕਸਾਨ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ‘ਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
