ਮੁੰਬਈ, 17 ਮਾਰਚ,ਬੋਲੇ ਪੰਜਾਬ ਬਿਊਰੋ :
ਮੁੰਬਈ ਕਸਟਮ ਵਿਭਾਗ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਚਾਰ ਵੱਖ-ਵੱਖ ਕਾਰਵਾਈਆਂ ਦੌਰਾਨ ਤਿੰਨ ਨਿੱਜੀ ਕਰਮਚਾਰੀਆਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 8.47 ਕਰੋੜ ਰੁਪਏ ਮੁੱਲ ਦੇ 10.4 ਕਿਲੋਗ੍ਰਾਮ ਸੋਨੇ ਦੀ ਬਰਾਮਦਗੀ ਕੀਤੀ ਹੈ।
ਪਹਿਲੀ ਕਾਰਵਾਈ ਦੌਰਾਨ ਇੱਕ ਕਰਮਚਾਰੀ ਦੀ ਪੈਂਟ ਦੀਆਂ ਜੇਬਾਂ ’ਚੋਂ 2.8 ਕਿਲੋਗ੍ਰਾਮ 24-ਕੈਰੇਟ ਸੋਨੇ ਦਾ ਪਾਊਡਰ ਬਰਾਮਦ (ਮੁੱਲ 2.27 ਕਰੋੜ ਰੁਪਏ) ਹੋਇਆ।
ਦੂਜੀ ਕਾਰਵਾਈ ਦੌਰਾਨ ਇੱਕ ਹੋਰ ਕਰਮਚਾਰੀ ਦੇ ਅੰਡਰਵੀਅਰ ’ਚੋਂ 2.9 ਕਿਲੋਗ੍ਰਾਮ ਸੋਨੇ ਦਾ ਪਾਊਡਰ (ਮੁੱਲ 2.36 ਕਰੋੜ ਰੁਪਏ) ਜ਼ਬਤ ਕੀਤਾ ਗਿਆ।
ਤੀਜੀ ਕਾਰਵਾਈ ਦੌਰਾਨ ਇੱਕ ਹੋਰ ਕਰਮਚਾਰੀ ਦੇ ਅੰਡਰਵੀਅਰ ’ਚੋਂ 1.6 ਕਿਲੋਗ੍ਰਾਮ ਸੋਨੇ ਦੇ ਪਾਊਡਰ ਵਾਲੇ ਦੋ ਪੈਕੇਟ (ਮੁੱਲ 1.31 ਕਰੋੜ ਰੁਪਏ) ਬਰਾਮਦ ਹੋਏ।
ਚੌਥੀ ਕਾਰਵਾਈ ਦੌਰਾਨ ਟਾਇਲਟ ਅਤੇ ਪੈਂਟਰੀ ’ਚੋਂ ਮਿਲੇ ਕੂੜੇ ਦੇ ਬੈਗ ’ਚੋਂ 3.1 ਕਿਲੋਗ੍ਰਾਮ ਸੋਨੇ ਦਾ ਪਾਊਡਰ (ਮੁੱਲ 2.53 ਕਰੋੜ ਰੁਪਏ) ਜ਼ਬਤ ਕੀਤਾ ਗਿਆ।
ਕਸਟਮ ਵਿਭਾਗ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲਿਆਂ ਦੀ ਜਾਂਚ ਜਾਰੀ ਹੈ।
