ਡਰੱਗ ਕੋਰੀਅਰ/ਤਸਕਰ ਹੁਣ ਪਾਕਿਸਤਾਨ ਵੱਲੋਂ ਭੇਜੀਆਂ ਖੇਪਾਂ ਲੈਣ ਤੋਂ ਝਿਜਕਣ ਲੱਗੇ : ਡੀਜੀਪੀ ਗੌਰਵ ਯਾਦਵ
ਚੰਡੀਗੜ, 17 ਮਾਰਚ ,ਬੋਲੇ ਪੰਜਾਬ ਬਿਊਰੋ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੇ ਪਾਕਿਸਤਾਨ-ਆਈਐਸਆਈ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਪ੍ਰਗਟਾਵਾ ਕਰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਪੁਲਿਸ ਕਿਸੇ ਨੂੰ ਵੀ ਸੂਬੇ ਦੀ ਮਿਹਨਤ ਨਾਲ ਸਥਾਪਿਤ ਕੀਤੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਖੁਫ਼ੀਆ ਜਾਣਕਾਰੀ ਤੋਂ ਇਹ ਸੰਕੇਤ ਮਿਲਿਆ ਹੈ ਕਿ ਨਸ਼ਿਆਂ ਖਿਲਾਫ਼ ਚੱਲ ਰਹੀ ਮੁਹਿੰਮ ਦੀ ਸਫ਼ਲਤਾ ਨੇ ਪਾਕਿਸਤਾਨ ਦੀ ਆਈਐਸਆਈ ਨੂੰ ਵੱਡਾ ਝਟਕਾ ਦਿੱਤਾ ਹੈ, ਜੋ ਹੁਣ ਇਸ ਮੁਹਿੰਮ ਨੂੰ ਢਾਹ ਲਾਉਣ ਲਈ ਕੋਝੀਆਂ ਰਣਨੀਤੀਆਂ ਬਣਾ ਰਹੀ ਹੈ।
ਡੀਜੀਪੀ ਨੇ ਕਿਹਾ, “ਪੰਜਾਬ ਪੁਲਿਸ ਪਾਕਿ-ਆਈਐਸਆਈ ਨੂੰ ਸਰਹੱਦੀ ਰਾਜ ਵਿੱਚ ਕਿਸੇ ਵੀ ਕੀਮਤ ’ਤੇ ਅਸਥਿਰਤਾ ਫੈਲਾਉਣ ਦੀ ਇਜਾਜਤ ਨਹੀਂ ਦੇਵੇਗੀ ਅਤੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ ਕਰਨ ਵਾਲੇ ਵਿਅਕਤੀ ਲਈ ਮਿਸਾਲੀ ਸਜਾ ਯਕੀਨੀ ਬਣਾਈ ਜਾਵੇਗੀ । ਅਜਿਹੀ ਕਾਰਵਾਈ ਦੀ ਤਾਜ਼ਾਤਰੀਨ ਮਿਸਾਲ ਅੰਮਿ੍ਰਤਸਰ ਦੇ ਠਾਕੁਰ ਦੁਆਰੇ ਮੰਦਰ ‘ਤੇ ਹਮਲੇ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਅੰਮਿ੍ਰਤਸਰ ਵਿੱਚ ਪੁਲਿਸ ਟੀਮਾਂ ਦੁਆਰਾ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਢਹਿ ਢੇਰੀ ਕਰ ਦਿੱਤਾ ਗਿਆ ।
ਡੀਜੀਪੀ ਵੱਲੋਂ , ਵਿਸ਼ੇਸ਼ ਡੀਜੀਪੀ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਅਤੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਸਮੇਤ ਉੱਚ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਕਿਹਾ ਕਿ ਨਸ਼ਿਆਂ ਵਿਰੁੱਧ ਫੈਸਲਾਕੁੰਨ ਮੁਹਿੰਮ ਨੇ ਡਰੱਗ ਕੋਰੀਅਰਾਂ ਅਤੇ ਤਸਕਰਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ।
ਡੀਜੀਪੀ ਨੇ ਕਿਹਾ ,‘‘ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਪ੍ਰਭਾਵ ਮਿਸਾਲੀ ਹੈ। ਪੁਲਿਸ ਦਾ ਖੁਫੀਆ ਤੰਤਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਨਸ਼ੀਲੇ ਪਦਾਰਥ ਭੇਜਣ ਵਾਲੇ ਹੁਣ ਪਾਕਿਸਤਾਨੀ ਤਸਕਰਾਂ ਵੱਲੋਂ ਸੁੱਟੇ ਗਏ ਹੈਰੋਇਨ ਦੇ ਪੈਕੇਟ ਲੈਣ ਤੋਂ ਵੀ ਝਿਜਕ ਰਹੇ ਹਨ, ਜਿਸ ਨਾਲ ਹੈਰੋਇਨ ਦੀ ਸਪਲਾਈ ਲੜੀ ਕਾਫੀ ਹੱਦ ਤੱਕ ਟੁੱਟੀ ਹੈ ।’’
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ, ਪੰਜਾਬ ਪੁਲਿਸ ਅਸਲ ਨਸ਼ਾ ਤਸਕਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਦੋਂ ਕਿ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਬੇਲੋੜਾ ਤੰਗ ਨਹੀਂ ਕੀਤਾ ਜਾ ਰਿਹਾ ਹੈ ਅਤੇ ਉਨਾਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਨਸ਼ੀਲੇ ਪਦਾਰਥਾਂ ਵਿਰੁੱਧ ਇਹ ਵਿਸ਼ੇਸ਼ ਕਾਰਵਾਈਆਂ ਵਿਸ਼ੇਸ਼ ਡੀਜੀਪੀ, ਏਡੀਜੀਪੀ, ਆਈਜੀਪੀ ਅਤੇ ਡੀਆਈਜੀ ਰੈਂਕ ਦੇ ਸੀਨੀਅਰ ਪੁਲਿਸ ਅਧਿਕਾਰੀਆਂ, ਜਿਨਾਂ ਨੂੰ ਵੱਖ-ਵੱਖ ਜ਼ਿਲੇ ਅਲਾਟ ਕੀਤੇ ਗਏ ਹਨ, ਦੀ ਨਿਗਰਾਨੀ ਹੇਠ ਕੀਤੀਆਂ ਜਾ ਰਹੀਆਂ ਹਨ ।
ਉਨਾਂ ਨੇ ਸੂਬੇ ਵਿੱਚੋਂ ਇਸ ਨਸ਼ੇ ਦੇ ਖਤਰੇ ਨੂੰ ਖਤਮ ਕਰਨ ਲਈ ਸਾਰੇ ਵਿਭਾਗਾਂ ਨੂੰ ਇਕਜੁੱਟ ਕਰਨ ਲਈ ਕੈਬਨਿਟ ਸਬ-ਕਮੇਟੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ, ਪੰਜਾਬ ਪੁਲਿਸ ਵੱਲੋਂ ਕਿਸ ਇਲਾਕੇ ਵਿੱਚ ਕਿਸ ਕਿਸਮ ਦਾ ਨਸ਼ਾ ਵਿਕਦਾ ਹੈ, ਦਾ ਪਤਾ ਲਗਾਉਣ ਲਈ ਵਿਆਪਕ ਜਿਲਾ-ਪੱਧਰੀ ਮੈਪਿੰਗ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਰਾਜ ਵਿੱਚੋਂ ਇਸ ਕੋਹੜ ਨੂੰ ਜੜੋਂ ਖਤਮ ਕਰਨ ਲਈ ਟੀਚਾਬੱਧ ਕਾਰਜ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਖੇਤਰ ਵਿੱਚ ਕੰਮ ਕਰਨ ਵਾਲੇ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ (ਸੀਪੀ/ਐਸਐਸਪੀ) ਤੋਂ ਲੈ ਕੇ ਸਟੇਸ਼ਨ ਹਾਊਸ ਅਫਸਰਾਂ (ਐਸਐਚਓ) ਤੱਕ ਸਾਰੇ ਅਧਿਕਾਰੀਆਂ ਨੂੰ ਟੀਚੇ ਦਿੱਤੇ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਲਈ ਨਤੀਜਾ-ਮੁਖੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਨਾਂ ਨੂੰ ਦਿੱਤੇ ਗਏ ਟੀਚਿਆਂ ਅਤੇ ਮਾਪਦੰਡਾਂ ਦੇ ਅਧਾਰ ਤੇ ਉਨਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਜਾਵੇਗਾ।
‘ਯੁੱਧ ਨਸ਼ਿਆਂ ਵਿਰੁੱਧ’ ਦੇ 17 ਦਿਨਾਂ ਦੇ ਨਤੀਜਿਆਂ ਨੂੰ ਸਾਂਝਾ ਕਰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ 2575 ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਸੂਬੇ ਭਰ ਵਿੱਚ 1651 ਐਫਆਈਆਰ ਦਰਜ ਕੀਤੀਆਂ ਹਨ। ਇਸ ਮੁਹਿੰਮ ਦੌਰਾਨ ਪੁਲਿਸ ਟੀਮਾਂ ਨੇ ਗਿ੍ਰਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜੇ ‘ਚੋਂ 95 ਕਿਲੋ ਹੈਰੋਇਨ, 52 ਕਿਲੋ ਅਫੀਮ, 1129 ਕਿਲੋ ਭੁੱਕੀ, 13.79 ਕਿਲੋ ਗਾਂਜਾ, 7.25 ਲੱਖ ਨਸ਼ੀਲੀਆਂ ਗੋਲੀਆਂ/ਟੀਕੇ, 1 ਕਿਲੋ ਆਈਸੀਈ, 1.37 ਕਿਲੋ ਕੋਕੀਨ ਅਤੇ 64 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਉਨਾਂ ਕਿਹਾ ਕਿ ਨਵੀਂ ਸੁਰੂ ਕੀਤੀ ਗਈ ਸੇਫ ਪੰਜਾਬ ਐਂਟੀ-ਡਰੱਗ ਹੈਲਪਲਾਈਨ ‘9779100200‘, ਜਿਸ ਰਾਹੀਂ ਨਾਗਰਿਕ ਨਸ਼ਾ ਤਸਕਰਾਂ ਦੀ ਗੁਪਤ ਰੂਪ ਵਿੱਚ ਰਿਪੋਰਟ ਕਰ ਸਕਦੇ ਹਨ, ਲੋਕਾਂ ਵਿੱਚ ਮਕਬੂਲੀਅਤ ਹਾਸਲ ਕਰ ਰਹੀ ਹੈ। ਹਾਲ ਹੀ ਦੇ ਦਿਨਾਂ ਵਿੱਚ ਹੈਲਪਲਾਈਨ ‘ਤੇ ਸੁਝਾਅ ਦੇਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ।
ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੰਜਾਬ ਪੁਲਿਸ ਦੇ ਸਮਰਥਨ ਵਾਸਤੇ ਰਾਜ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਡੀਜੀਪੀ ਨੇ ਕਿਹਾ ਕਿ ਜਨਤਾ ਦੇ ਸਮਰਥਨ ਤੋਂ ਬਿਨਾਂ ਇਹ ਮੁਹਿੰਮ ਸਫਲ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਅਤੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਜਨਤਾ ਤੱਕ ਪਹੁੰਚ ਕਰ ਰਹੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਯੁਵਾ ਸਾਂਝ ਅਤੇ ਖੇਡ ਪਹਿਲਕਦਮੀਆਂ ਸਮੇਤ ਵੱਖ-ਵੱਖ ਜਨਤਕ ਪ੍ਰੋਗਰਾਮਾਂ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ।