ਪੀੜਤ ਵਿਅਕਤੀ ਨੇ ਐਸਸੀ ਬੀਸੀ ਮੋਰਚੇ ਤੇ ਇਨਸਾਫ਼ ਲਈ ਲਗਾਈ ਗੁਹਾਰ, ਤੇ ਦਿੱਤੀਆਂ ਪ੍ਰਸ਼ਾਸ਼ਨ ਨੂੰ ਦਰਖ਼ਾਸਤਾਂ।
ਭੂ ਮਾਫੀਆ ਵੱਲੋ ਐਨ.ਆਰ.ਆਈਜ਼ ਦੀਆਂ ਪ੍ਰਾਪਟੀਆਂ ਤੇ ਹੋ ਰਹੇ ਕਬਜ਼ਿਆ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰੇ ਪ੍ਰਸ਼ਾਸ਼ਨ : ਬਲਵਿੰਦਰ ਕੁੰਭੜਾ
ਮੋਹਾਲੀ, 17 ਮਾਰਚ ,ਬੋਲੇ ਪੰਜਾਬ ਬਿਊਰੋ:
ਚੰਡੀਗੜ੍ਹ ਮੋਹਾਲੀ ਦੇ ਇਲਾਕੇ ਦੀ ਜਮੀਨ ਦੇ ਰੇਟ ਵਧਣ ਕਾਰਨ ਭੂ ਮਾਫੀਆ ਬਹੁਤ ਸਰਗਰਮ ਹੋਇਆ ਹੈ। ਇਹਨਾਂ ਦਾ ਮੁੱਖ ਨਿਸ਼ਾਨਾ ਐਨ.ਆਰ.ਆਈ. ਦੀਆਂ ਪ੍ਰਾਪਰਟੀਆਂ ਹਨ। ਇਸੇ ਨਾਲ ਮਿਲਦਾ ਇੱਕ ਮਾਮਲਾ ਸੈਕਟਰ 52 ਦੇ ਐਲ.ਆਈ.ਜੀ. ਫਲੈਟ ਦੇ ਮਕਾਨ ਨੰਬਰ 3075 ਵਿੱਚ ਕਰੀਬ ਡੇਢ ਸਾਲਾਂ ਤੋਂ ਕਿਰਾਏ ਤੇ ਰਹਿ ਰਹੇ ਅਨਿਲ ਚਾਵਲਾ ਦਾ ਸਾਹਮਣੇ ਆਇਆ ਹੈ। ਜਿਸ ਦੇ ਨਾਲ ਭੂ ਮਾਫੀਆ ਦੇ ਸਰਗਣਿਆ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜਾਣਕਾਰੀ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਪ੍ਰੈਸ ਕਾਨਫਰੰਸ ਵਿੱਚ ਮੋਰਚਾ ਆਗੂਆਂ ਤੇ ਇਹ ਪੀੜਿਤ ਵਿਅਕਤੀ ਨੇ ਸਾਰੀ ਵਿਥਿਆ ਦੱਸੀ।
ਦੱਸਣਯੋਗ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਅਨਿਲ ਚਾਵਲਾ ਨੇ ਸ਼੍ਰੀਮਤੀ ਸ਼ਿਕਸ਼ਾ ਸ਼ਰਮਾ ਰਾਹੀਂ ਤੇਜ਼ਕਿਰਨ ਮਨਹਾਸ ਪੁਤਰੀ ਸੁਰਜੀਤ ਸਿੰਘ ਮੁਨਹਾਸ ਦਾ ਮਕਾਨ 4000/- ਰੁਪਏ ਮਹੀਨੇ ਕਿਰਾਏ ਤੇ ਲਿਆ ਸੀ। ਸ਼੍ਰੀਮਤੀ ਸ਼ਿਕਸ਼ਾ ਸ਼ਰਮਾ ਨੂੰ ਮਕਾਨ ਮਾਲਕ ਨੇ ਇਸ ਮਕਾਨ ਦੀ ਦੇਖਰੇਖ ਦੀ ਜਿੰਮੇਵਾਰੀ ਲਗਾ ਰੱਖੀ ਸੀ। ਪਰ ਮਿਤੀ 14 ਮਾਰਚ 2025 ਨੂੰ ਸ਼ਾਮ ਕਰੀਬ 8:30 ਵਜੇ ਅਚਾਨਕ ਜੋਗਿੰਦਰ ਭੱਟੀ ਨਾਂ ਦਾ ਵਿਅਕਤੀ ਅਤੇ ਕਮਲੇਸ਼ ਨਾਂ ਦੀ ਮਹਿਲਾ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਨਾਲ ਆਏ ਤੇ ਅਨਿਲ ਚਾਵਲਾ ਨੂੰ ਡਰਾਉਣ ਧਮਕਾਉਣ ਲੱਗੇ ਤੇ ਉਨ੍ਹਾਂ ਨੇ ਧੱਕੇ ਨਾਲ ਆਪਣੇ ਬੈਂਕ ਖਾਤੇ ਵਿੱਚ 8000/- ਰੁਪਏ ਵੀ ਪਵਾ ਲਏ।
ਇਸ ਮਾਮਲੇ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਨਿਲ ਚਾਵਲਾ ਪੀੜਿਤ ਵਿਅਕਤੀ ਅਨਿਲ ਚਾਵਲਾ ਨੇ ਦੱਸਿਆ ਕਿ ਮੈਨੂੰ ਬਹੁਤ ਡਰਾਇਆ ਧਮਕਾਇਆ ਜਾ ਰਿਹਾ ਹੈ। ਮੈਨੂੰ ਡਰ ਹੈ ਕਿ ਮਕਾਨ ਨੂੰ ਹਥਿਆਉਣ ਲਈ ਇਹ ਲੋਕ ਮੈਨੂੰ ਮਾਰ ਵੀ ਸਕਦੇ ਹਨ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਉਸ ਦੇ ਜਿੰਮੇਵਾਰ ਜੋਗਿੰਦਰ ਭੱਟੀ ਤੇ ਕਮਲੇਸ਼ ਨਾਂ ਦੀ ਮਹਿਲਾ ਹੋਣਗੇ। ਅੱਜ ਮੈਂ ਮਾਣਯੋਗ ਐਸ.ਐਸ.ਪੀ. ਸਾਹਿਬ ਯੂ.ਟੀ. ਚੰਡੀਗੜ੍ਹ ਤੇ ਚੌਂਕੀ ਇੰਚਾਰਜ ਪੁਲਿਸ ਚੌਂਕੀ ਸੈਕਟਰ 52 ਨੂੰ ਦੇ ਦਿੱਤੀਆਂ ਹਨ।
ਇਸ ਮਾਮਲੇ ਬਾਰੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਚੰਡੀਗੜ੍ਹ ਦੀ ਮਹਿੰਗੀ ਜਮੀਨ ਕਰਕੇ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਭੂ ਮਾਫੀਆ ਦੇ ਗਰੋਹਾਂ ਨੂੰ ਲਗਾਮ ਪਾਈ ਜਾਵੇ ਤਾਂ ਜੋ ਕਿਸੇ ਨਾਲ ਅਜਿਹੀ ਧੱਕੇਸ਼ਾਹੀ ਦੀ ਘਟਨਾ ਨਾ ਹੋ ਸਕੇ।
ਇਸ ਮੌਕੇ ਮੋਰਚਾ ਆਗੂ ਸਵਿੰਦਰ ਸਿੰਘ ਲੱਖੋਵਾਲ, ਹਰਨੇਕ ਸਿੰਘ ਮਲੋਆ, ਸੁਰਿੰਦਰ ਸਿੰਘ ਕਡਾਲਾ, ਬਾਬੂ ਬੇਦ ਪ੍ਰਕਾਸ਼, ਮਨਦੀਪ ਸਿੰਘ, ਸੰਤੋਸ਼ ਕੁਮਾਰ, ਸੁਮਨ ਬਾਲਾ ਆਦਿ ਹਾਜ਼ਰ ਹੋਏ।