ਨਵੀਂ ਦਿੱਲੀ, 17 ਮਾਰਚ,ਬੋਲੇ ਪੰਜਾਬ ਬਿਊਰੋ :
ਜੇਕਰ ਤੁਹਾਡੀ ਗੱਡੀ 15 ਸਾਲ ਪੁਰਾਣੀ ਹੋ ਗਈ ਹੈ ਅਤੇ ਇਸ ਦੀ ਰਜਿਸਟ੍ਰੇਸ਼ਨ ਦੀ ਮਿਆਦ ਖਤਮ ਹੋ ਚੁਕੀ ਹੈ, ਤਾਂ ਹੁਣ ਇਸਨੂੰ ਘਰ ‘ਚ ਰੱਖਣਾ ਗੈਰ-ਕਾਨੂੰਨੀ ਹੋਵੇਗਾ। ਨਵੇਂ ਵਾਹਨ ਸਕ੍ਰੈਪਿੰਗ ਨਿਯਮਾਂ ਅਨੁਸਾਰ, ਪੁਰਾਣੇ ਵਾਹਨਾਂ ਨੂੰ ਉਨ੍ਹਾਂ ਦੀ ਉਮਰ ਪੂਰੀ ਹੋਣ ਤੋਂ 180 ਦਿਨਾਂ ਦੇ ਅੰਦਰ ਰਜਿਸਟਰਡ ਸਕ੍ਰੈਪਿੰਗ ਜਾਂ ਕਲੈਕਸ਼ਨ ਸੈਂਟਰ ‘ਚ ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ।
ਜੇਕਰ ਮਾਲਕ ਵੱਲੋਂ ਇਸ ਨਿਯਮ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਮੋਟਰ ਵਾਹਨ ਐਕਟ ਤਹਿਤ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਵਾਹਨ ਦੀ ਰਜਿਸਟ੍ਰੇਸ਼ਨ ਰੱਦ ਹੋ ਸਕਦੀ ਹੈ ਅਤੇ ਹੋਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।
ਨਵੇਂ ਨਿਯਮਾਂ ਦੇ ਤਹਿਤ, ਵਾਹਨ ਨਿਰਮਾਤਾਵਾਂ ਨੂੰ ਹਰ ਸਾਲ ਨਿਰਧਾਰਤ ਮਿਆਰ ਅਨੁਸਾਰ ਵਾਹਨਾਂ ਦੀ ਸਕ੍ਰੈਪਿੰਗ ਦਾ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ। ਜੇਕਰ ਉਨ੍ਹਾਂ ਵੱਲੋਂ ਇਹ ਨਹੀਂ ਕੀਤਾ ਜਾਂਦਾ, ਤਾਂ ਉਨ੍ਹਾਂ ਨੂੰ ਨਵੇਂ ਵਾਹਨ ਬਣਾਉਣ ਦੀ ਇਜਾਜ਼ਤ ਨਹੀਂ ਮਿਲੇਗੀ।
ਖੇਤੀਬਾੜੀ ਦੇ ਕੰਮ ‘ਚ ਲੱਗੇ ਟਰੈਕਟਰ ਤੇ ਹੋਰ ਵਾਹਨਾਂ ਨੂੰ ਇਨ੍ਹਾਂ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਨੂੰ ਸਕ੍ਰੈਪਿੰਗ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਵਾਹਨ ਨਿਰਮਾਤਾਵਾਂ ਲਈ ਹਰ ਸਾਲ ਇੱਕ ਨਿਰਧਾਰਤ ਗਿਣਤੀ ਵਿੱਚ ਵਾਹਨ ਸਕ੍ਰੈਪ ਕਰਨਾ ਲਾਜ਼ਮੀ ਹੋਵੇਗਾ। ਹਾਲਾਂਕਿ, ਇਹ ਕੰਮ ਉਨ੍ਹਾਂ ਨੂੰ ਖੁਦ ਨਹੀਂ ਕਰਨਾ ਪਵੇਗਾ। ਉਨ੍ਹਾਂ ਨੂੰ ਦੇਸ਼ ਦੇ ਅਧਿਕਾਰਤ ਸਕ੍ਰੈਪਿੰਗ ਕੇਂਦਰਾਂ ਤੋਂ ਸਰਟੀਫਿਕੇਟ ਖਰੀਦ ਕੇ ਜਮ੍ਹਾ ਕਰਵਾਉਣਾ ਪਵੇਗਾ। ਇਨ੍ਹਾਂ ਨਿਯਮਾਂ ਦੀ ਪਾਲਨਾ ਤੋਂ ਬਾਅਦ ਹੀ ਨਵੇਂ ਵਾਹਨਾਂ ਦੀ ਉਤਪਾਦਨ ਪ੍ਰਕਿਰਿਆ ਨੂੰ ਮੰਜ਼ੂਰੀ ਮਿਲੇਗੀ।
