ਸੁਲਤਾਨਪੁਰ ਲੋਧੀ, 17 ਮਾਰਚ,ਬੋਲੇ ਪੰਜਾਬ ਬਿਊਰੋ :
ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦੀ ਖ਼ਬਰ ਕਾਰਨ ਪੂਰੇ ਪਰਿਵਾਰ ਅਤੇ ਪਿੰਡ ’ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਪਛਾਣ ਦਮਨਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮੁਹੱਲਾ ਪੰਡੋਰੀ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ, 15 ਮਾਰਚ, 2025 ਨੂੰ ਬ੍ਰਿਸਬੇਨ ਨਦੀ ਵਿੱਚੋਂ ਦਮਨਪ੍ਰੀਤ ਸਿੰਘ ਦੀ ਲਾਸ਼ ਬਰਾਮਦ ਹੋਈ। ਉੱਥੋਂ ਦੀ ਸੈਂਡਗੇਟ ਪੁਲਿਸ ਨੇ ਇਸ ਬਾਰੇ ਜਾਣਕਾਰੀ ਉਸ ਦੀ ਭੈਣ ਅਮਨਦੀਪ ਨੂੰ ਦਿੱਤੀ। ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਪੁਲਿਸ ਵੱਲੋਂ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਦਮਨਪ੍ਰੀਤ ਦੀ ਅਚਾਨਕ ਮੌਤ ਨਾਲ ਪਰਿਵਾਰ ਦੇ ਮੈਂਬਰ ਗਹਿਰੇ ਸੋਗ ਵਿੱਚ ਹਨ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।
