ਚੰਡੀਗੜ੍ਹ, 15ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਇੱਕ ਵਫ਼ਦ ਅੱਜ (15 ਮਾਰਚ) ਨੂੰ ਸਿਖਲਾਈ ਲਈ ਫਿਨਲੈਂਡ ਰਵਾਨਾ ਹੋਵੇਗਾ। ਇਹ ਸਿਖਲਾਈ ਪ੍ਰੋਗਰਾਮ ਦੋ ਹਫ਼ਤਿਆਂ ਦਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਟੀਮ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਫਿਨਲੈਂਡ ਲਈ ਰਵਾਨਾ ਕਰਨਗੇ।ਇਸ ਮੌਕੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਸਵੇਰੇ 10.30 ਵਜੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਵੀ ਸ਼ਾਮਲ ਹੋਣਗੇ। ਸਰਕਾਰ ਦਾ ਉਦੇਸ਼ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਅਤੇ ਕਲਾਸਰੂਮ ਦੇ ਡਰ ਨੂੰ ਖਤਮ ਕਰਨਾ ਹੈ।
ਪੰਜਾਬ ਸਰਕਾਰ ਵੱਲੋਂ ਫਿਨਲੈਂਡ ਭੇਜਿਆ ਜਾਣ ਵਾਲਾ ਇਹ ਦੂਜਾ ਬੈਚ ਹੈ, ਜਿਸ ਨੂੰ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ ਸਰਕਾਰ ਨੇ ਤੁਰਕੂ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ (MoU) ‘ਤੇ ਹਸਤਾਖਰ ਕੀਤੇ ਹਨ। ਜਿਸ ਤਹਿਤ ਅਧਿਆਪਕਾਂ ਦੀ ਇੱਕ ਹਫ਼ਤੇ ਦੀ ਸਿਖਲਾਈ ਪੰਜਾਬ ਵਿੱਚ ਅਤੇ ਦੋ ਹਫ਼ਤੇ ਦੀ ਸਿਖਲਾਈ ਫਿਨਲੈਂਡ ਵਿੱਚ ਕੀਤੀ ਜਾਵੇਗੀ।