ਮੱਛਰ ਦੁਨੀਆਂ ਵਿੱਚ ਮਨੁੱਖ ਦਾ ਸਭ ਤੋਂ ਵੱਡਾ ਹਤਿਆਰਾ ਹੈ। ਹਰ ਸਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੋੜਾਂ ਤੱਕ ਜਾ ਪੁੱਜਦੀ ਹੈ ਅਤੇ ਇੱਕ ਅੰਦਾਜ਼ੇ ਅਨੁਸਾਰ ਹਰ ਸਾਲ 20 ਲੱਖ ਲੋਕ ਇਸ ਤੋਂ ਪੈਦਾ ਹੋਣ ਵਾਲੀ ਬੀਮਾਰੀਆਂ -ਡੇਂਗੂ ਬੁਖਾਰ, ਪੀਲਾ ਬੁਖਾਰ ਅਤੇ ਮਲੇਰੀਏ ਨਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਜਿਹਨਾਂ ਵਿੱਚ ਵੱਡੀ ਗਿਣਤੀ ਅਫਰੀਕੀ ਅਤੇ ਏਸ਼ੀਆਈ ਲੋਕਾਂ ਦੀ ਹੁੰਦੀ ਹੈ। ਲੇਕਿਨ ਮੱਛਰ ਦਾ ਖੂਨ ਪੀਣ ਵਾਲਾ ਵਿਵਹਾਰ ਏਡਜ਼ ਵਰਗੇ ਘਾਤਕ ਰੋਗ ਦਾ ਕਾਰਨ ਨਹੀਂ ਬਣਦਾ। ਮੱਛਰ ਡੇਂਗੂ ,ਮਲੇਰੀਆ ਅਤੇ ਪੀਲੇ ਬੁਖ਼ਾਰ ਆਦਿ ਦਾ ਵਾਹਕ ਹੈ।
ਅੱਜ ਗੱਲ ਕਰਦੇ ਹਾਂ ਡੇਂਗੂ ਬੁਖਾਰ ਦੀ ਜੋ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਆਮ ਤੌਰ ‘ਤੇ ਡੇਂਗੂ ਦਾ ਲਾਰਵਾ ਬਰਸਾਤ ਤੋਂ ਬਾਅਦ ਜਮ੍ਹਾਂ ਹੋਏ ਸਾਫ਼ ਪਾਣੀ, ਘਰਾਂ ਦੇ ਛੱਤਾਂ ਤੇ ਪਏ ਕਬਾੜ,ਕੂਲਰਾਂ ,ਟਾਇਰਾਂ ਅਤੇ ਹੋਰ ਅਜਿਹੀਆਂ ਥਾਵਾਂ ਹੀ ਪਾਇਆ ਜਾਂਦਾ ਹੈ।
ਡੇਂਗੂ ਦਾ ਵਾਇਰਸ ਸਾਡੇ ਖੂਨ ਵਿੱਚ ਘੁੰਮਦਾ ਹੈ ਜਦੋਂ ਮਾਦਾ ਏਡੀਜ਼ ਮੱਛਰ ਕੱਟਦਾ ਹੈ ਅਤੇ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਡੇਂਗੂ ਬੁਖਾਰ ਦੇ ਲੱਛਣ ਮਾਦਾ ਏਡੀਜ਼ ਮੱਛਰ ਦੇ ਕੱਟਣ ਤੋਂ ਬਾਅਦ ਲਗਭਗ 5 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ, ਸਰੀਰ ਵਿੱਚ ਇਸ ਬਿਮਾਰੀ ਦੇ ਪੈਦਾ ਹੋਣ ਦਾ ਸਮਾਂ 3 ਦਿਨਾਂ ਤੋਂ 10 ਦਿਨਾਂ ਤੱਕ ਹੋ ਸਕਦਾ ਹੈ। ਇਹ ਗੱਲ ਦਾ ਧਿਆਨ ਰੱਖੋ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਹੀ ਕੱਟਦਾ ਹੈ।
ਡੇਂਗੂ ਕੀ ਹੈ ਤੇ ਕਿਸਮਾਂ ਡੇਂਗੂ ਨੂੰ ਆਮ ਬੋਲ ਚਾਲ ਦੀ ਬੋਲੀ ਚ ਹੱਡ- ਭੰਨਣਾਂ ਬੁਖਾਰ ਵੀ ਕਹਿ ਹੈ, ਇਹ ਲਾਗ ਦੀ ਬੀਮਾਰੀ ਹੈ ਤੇ ਇਸ ਨੂੰ ਮਹਾਮਾਰੀ ਚ ਗਿਣਿਆ ਜਾਂਦਾ ਹੈ। ਇਸ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਡੇਂਗੂ ਬੁਖਾਰ ਨੂੰ ‘ਹੱਡ-ਤੋੜ’ ਬੁਖਾਰ ਇਸ ਕਰਕੇ ਕਹਿੰਦੇ ਹਨ ਕਿਉਂਕਿ ਇਸ ਨਾਲ ਪੀੜਤ ਲੋਕਾਂ ਨੂੰ ਇੰਨਾ ਜ਼ਿਆਦਾ ਸਰੀਰਕ ਦਰਦ ਹੁੰਦਾ ਹੈ ਜਿਵੇਂ ਉਨ੍ਹਾਂ ਦੀਆਂ ਹੱਡੀਆਂ ਟੁੱਟ ਰਹੀਆਂ ਹੋਣ।ਡੇਂਗੂ ਹੋਣ ਤੇ ਪਲੇਟਲੈਟਸ ਦੀ ਗਿਣਤੀ ਇੱਕ ਦਮ ਘੱਟ ਹੋ ਜਾਂਦੀ ਹੈ ਆਮ ਕਹਿ ਦਿੱਤਾ ਜਾਂਦਾ ਹੈ ਸੈੱਲ ਘੱਟ ਗਏ।
ਮੁੱਖ ਤੌਰ ਤੇ ਇਹ ਹੇਠ ਲਿਖੀਆਂ ਤਿੰਨ ਕਿਸਮਾਂ ਦਾ ਹੁੰਦਾ ਹੈ।
ਕ —ਕਲਾਸੀਕਲ ਡੇਂਗੂ ਬੁਖਾਰ (CDF) -ਸਧਾਰਨ ਡੇਂਗੂ ਬੁਖਾਰ 5 ਤੋਂ 7 ਦਿਨ ਰਹਿ ਸਕਦਾ, ਜਿਆਦਾਤਰ ਇਹੀ ਪਾਇਆ ਜਾਂਦਾ ਹੈ।
ਖ —ਡੇਂਗੂ ਹੈਮੋਰੈਜਿਕ ਬੁਖਾਰ (DHF) ਸਧਾਰਨ ਲੱਛਣਾਂ ਨਾਲ ਟੱਟੀ/ਉਲਟੀ/ਨੱਕ ਜਾਂ ਮਸੂੜਿਆਂ ਚੋਂ ਖੂਨ ਰਿਸਣਾ ਜਾਂ ਚਮੜੀ ਤੇ ਨੀਲੇ ਨਿਸ਼ਾਨ ਪੈਣੇ।
ਗ —-ਡੇਂਗੂ ਸ਼ੋਕ ਸਿੰਡਰੋਮ (DSS) ਇਸ ਵਿੱਚ ਹੈਮੋਰੇਜਿਕ ਬੁਖਾਰ ਦੇ ਲੱਛਣਾਂ ਤੋਂ ਇਲਾਵਾ ਸਦਮੇ ਵਰਗੀ ਸਥਿਤੀ ਚ ਤੇਜ਼ ਬੁਖਾਰ ਚ ਚਮੜੀ ਠੰਡੀ ਨਾਲ ਲਗਾਤਾਰ ਬੇਚੈਨੀ ਤੇ ਮਰੀਜ਼ ਬੇਹੋਸ਼ੀ ਵੱਲ ਜਾਂਦਾ ਦਿਖਾਈ ਦੇਣ ਤੇ ਤੁਰੰਤ ਡਾਕਟਰ ਕੋਲ ਜਾਵੋ।
ਡੇਂਗੂ ਫੈਲਣ ਦਾ ਤਰੀਕਾ: ਇਹ ਇੱਕ ਏਡੀਜ਼ ਅਜਿਪਟੀ ਨਾ ਦੇ ਮਾਦਾ ਮੱਛਰ ਦੇ ਡੰਗ ਮਾਰਨ ਨਾਲ ਫੈਲਦਾ ਹੈ। ਇਨ੍ਹਾਂ ਡੇਂਗੂ ਮੱਛਰਾਂ ਦੀ ਨਿਸ਼ਾਨੀ ਇਹ ਹੈ ਕਿ ਇਨ੍ਹਾਂ ਦੇ ਸਰੀਰ ਦੇ ਹੇਠਲੇ ਹਿੱਸੇ ਚ ਚਿੱਤਰੀਆਂ ਧਾਰੀਆਂ ਹੁੰਦੀਆਂ ਹਨ।ਇੱਕ ਤਾਂ ਇਹ ਮੱਛਰ ਜ਼ਿਆਦਾਤਰ ਦਿਨ ਵੇਲੇ ਹੀ ਲੋਕਾਂ ਨੂੰ ਲੜਨ ਦਾ ਕੰਮ ਕਰਦੇ ਹਨ ਤੇ ਦੂਸਰਾ ਇਹ ਬਰਸਾਤੀ ਮੌਸਮ ਵਿੱਚ ਵਧਦਾ-ਫੁੱਲਦਾ ਹੈ ਅਤੇ ਤੀਸਰਾ ਇਹ ਇਹ ਮੱਛਰ ਵਿੱਚ ਬਹੁਤਾ ਉੱਚਾ ਉੱਡਣ ਦੀ ਸਮਰੱਥਾ ਵੀ ਨਹੀਂ ਹੁੰਦੀ।
ਡੇਂਗੂ ਫੈਲਣ ਦਾ ਕਾਰਨ : ਬਰਸਾਤ ਦਾ ਪਾਣੀ, ਟੋਇਆਂ,ਟੋਭਿਆਂ ਤੇ ਘਰਾਂ ਚ ਪਏ ਗਮਲਿਆਂ, ਕੂਲਰਾਂ, ਟਾਇਰਾਂ ਆਦਿ ’ਚ ਇਕੱਠਾ ਹੋ ਜਾਂਦਾ ਹੈ ਅਤੇ ਉਸ ਵਿੱਚ ਮੱਛਰ ਪੈਦਾ ਹੋ ਜਾਂਦਾ ਹੈ।ਪਰ
ਜੇਕਰ ਮੱਛਰ ਵਿੱਚ ਵਾਇਰਸ ਨਹੀਂ ਹੈ ਤਾਂ ਉਸ ਦੇ ਕੱਟਣ ਨਾਲ ਡੇਂਗੂ ਨਹੀਂ ਫੈਲਦਾ ਬਲਕਿ ਜੇਕਰ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ ਜੋ ਡੇਂਗੂ ਤੋਂ ਪ੍ਰਭਾਵਿਤ ਹੈ ਤਾਂ ਉਹ ਮੱਛਰ ਬੀਮਾਰੀ ਫੈਲਾਉਣ ਯੋਗ ਹੋ ਜਾਂਦਾ ਹੈ ਜੋ ਅੱਗੇ ਸਿਹਤਮੰਦ ਵਿਅਕਤੀਆਂ ਨੂੰ ਡੰਗ ਮਾਰ ਵਾਇਰਸ ਫੈਲਾਉਂਦਾ ਰਹਿੰਦਾ ਹੈ।
ਡੇਂਗੂ ਦੇ ਲੱਛਣ: ਡੇਂਗੂ ’ਚ ਬਹੁਤ ਤੇਜ਼ ਬੁਖਾਰ ,ਨਾ ਸਹਿਣਯੋਗ ਸਿਰਦਰਦ ਤੇ ਬਹੁਤ ਤੇਜ਼ ਹੱਡ ਭੰਨਣੀ ਹੁੰਦੀ ਹੈ। ਸਰੀਰ ਇੱਕ ਦਮ ਕਮਜ਼ੋਰੀ ਮਹਿਸੂਸ ਕਰਦਾ ਹੈ ,ਚੱਕਰ ਆਉਂਦੇ ਤੇ ਉਲਟੀਆਂ ਆਉਂਣ ਦੇ ਨਾਲ ਨਾਲ ਮੂੰਹ ਬੇਸਵਾਦਾ ਹੋ ਜਾਂਦਾ ਹੈ। ਮਨ ਕੱਚਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਹੱਥ-ਪੈਰ ਅਤੇ ਢੂਹੀ ਦਰਦ ਦੀ ਸ਼ਿਕਾਇਤ ਵੀ ਹੁੰਦੀ ਹੈ।ਖਾਸ ਤੌਰ ਤੇ ਜੋੜਾਂ ਅਤੇ ਮਾਸ-ਪੇਸ਼ੀਆਂ ’ਚ ਦਰਦਾਂ ਹੁੰਦੀਆਂ ਹਨ, ਸਰੀਰ ਥੱਕਿਆ-ਥੱਕਿਆ ਤੇ ਬੇਚੈਨ ਮਹਿਸੂਸ ਕਰਦਾ ਕਈ ਵਾਰ ਬਲੱਡ ਪ੍ਰੈਸ਼ਰ ਵੀ ਘੱਟ ਜਾਂਦਾ ਹੈ। ਜਿਥੇ ਜ਼ਿਆਦਾ ਸਿਹਤ ਵਿਗੜਣ ਤੇ ਮੂੰਹ-ਨੱਕ ਅਤੇ ਮਸੂੜਿਆਂ ’ਚੋਂ ਖੂਨ ਵਗਣ ਲੱਗਦਾ ਹੈ ਉਥੇ ਸਰੀਰ ਤੇ ਨੀਲੇ ਰੰਗ ਦੇ ਧੱਬੇ ਵੀ ਪੈ ਸਕਦੇ ਹਨ।
ਡੇਂਗੂ ਲਈ ਟੈਸਟ ਅਤੇ ਇਲਾਜ: ਡੇਂਗੂ ਮੱਛਰ ਦੇ ਕੱਟਣ ਦੇ 3 ਤੋਂ 5 ਦਿਨਾਂ ਬਾਅਦ ਮਰੀਜ਼ ਨੂੰ ਬੁਖਾਰ ਹੋਣ ਲੱਗਦਾ ਹੈ, ਜਿਸ ਤੋਂ ਬਾਅਦ 10 ਦਿਨਾਂ ’ਚ ਇਹ ਬਿਮਾਰੀ ਸਰੀਰ ਦੇ ਅੰਦਰ ਵਧਣੀ ਸ਼ੁਰੂ ਹੋ ਜਾਂਦੀ ਹੈ। ਡੇਂਗੂ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰ ਕੋਲ ਜਾਂਚ ਲਈ ਜਾਣਾ ਚਾਹੀਦਾ ਹੈ, ਜੇਕਰ ਮਰੀਜ਼ ਨੂੰ 102 ਡਿਗਰੀ ਤੱਕ ਬੁਖਾਰ ਹੈ ਤਾਂ ਉਸ ਦੇ ਮੱਥੇ ’ਤੇ ਪਾਣੀ ਦੀਆਂ ਪੱਟੀਆਂ ਰੱਖ ਦੇਣੀਆ ਚਾਹੀਦੀਆਂ ਹਨ। ਮਰੀਜ਼ ਨੂੰ ਸਿਹਤਮੰਦ ਭੋਜਨ ਦਿੰਦੇ ਰਹੋ। ਮਰੀਜ਼ ਨੂੰ ਬਿਲਕੁਲ ਆਰਾਮ ਕਰਨ ਦਿਓ। ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਘਰੇਲੂ ਨੁਸਕਾ ਜਾਂ ਦਵਾਈ ਨਾ ਲਵੋ ਅਤੇ ਮਰੀਜ਼ ਦੀ ਸਥਿਤੀ ਬਾਰੇ ਡਾਕਟਰ ਨੂੰ ਸਮੇਂ-ਸਮੇਂ ਜਾਣੂ ਕਰਵਾਉਂਦੇ ਰਹੋ ਤੇ ਬੁਖਾਰ ਨੂੰ ਚੈਕ ਕਰਕੇ ਸਾਰਨੀ ਬਣਾਉ।ਇਸ ਦੀ ਫਿਲ ਹਾਲ ਕੋਈ ਦਵਾਈ ਨਹੀਂ ਬਸ ਲੱਛਣਾਂ ਦਾ ਇਲਾਜ ਕੀਤਾ ਜਾਂਦਾ ਹੈ। ਪੈਰਾਸੀਟਾਮੋਲ ਜਾਂ ਐਕਲੋਫੈਨ ਦੀ ਗੋਲੀ ਹੀ ਡੋਜ ਅਨੁਸਾਰ ਦਿੱਤੀ ਜਾ ਸਕਦੀ ਹੈ ਨਾਲ ਸਰੀਰ ਦਾ ਰੱਖਿਆ ਕਰਨ ਵਾਲਾ ਢਾਚਾਂ ਮਜ਼ਬੂਤ ਕਰਨ ਲਈ ਵਿਟਾਮਿਨ ਸੀ ਵੀ ਵਰਤਿਆ ਜਾ ਸਕਦਾ। ਖੂਨ ਪਤਲਾ ਕਰਨ ਵਾਲੀਆਂ ਤੁਰੰਤ ਬੰਦ ਕਰ ਦਿਉ। ਦਵਾਈਆਂ ਮਾਹਿਰਾਂ ਦੀ ਰਾਏ ਅਨੁਸਾਰ ਹੀ ਦਿਉ ਆਪਣੀ ਮਰਜ਼ੀ ਮਰੀਜ਼ ਲਈ ਖਤਰਨਾਕ ਹੋ ਸਕਦੀ ਹੈ।
ਡੇਂਗੂ ਦੀ ਪਛਾਣ ਕਰਨ ਲਈ ਟੈਸਟ
- NS1 – ਜੇਕਰ ਮਰੀਜ਼ ਵਿੱਚ ਡੇਂਗੂ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਇਹ ਟੈਸਟ 5 ਦਿਨਾਂ ਦੇ ਅੰਦਰ ਕਰਨਾ ਸਹੀ ਮੰਨਿਆ ਜਾਂਦਾ ਹੈ। ਜੇਕਰ ਇਹ ਟੈਸਟ ਪੰਜ ਦਿਨਾਂ ਤੋਂ ਵੱਧ ਸਮੇਂ ਬਾਅਦ ਕੀਤਾ ਜਾਂਦਾ ਹੈ ਤਾਂ ਇਸ ਟੈਸਟ ਦੇ ਨਤੀਜੇ ਵੀ ਗਲਤ ਆ ਸਕਦੇ ਹਨ।
- ਐਲਾਈਜਾ ਟੈਸਟ(ELISA Test) – ਡੇਂਗੂ ਦਾ ਇਹ ਟੈਸਟ ਜ਼ਿਆਦਾ ਭਰੋਸੇਮੰਦ ਮੰਨਿਆ ਜਾਂਦਾ ਹੈ। ਆਮ ਤੌਰ ‘ਤੇ ਇਸ ਟੈਸਟ ਵਿਚ ਡੇਂਗੂ ਦਾ ਨਤੀਜਾ ਲਗਭਗ ਸੌ ਫੀਸਦੀ ਸਹੀ ਹੁੰਦਾ ਹੈ। ਦੋ ਕਿਸਮ ਦੇ ELISA ਟੈਸਟ ਹੁੰਦੇ ਹਨ ਜਿਨ੍ਹਾਂ ਨੂੰ IgM ਅਤੇ IgG ਕਿਹਾ ਜਾਂਦਾ ਹੈ। ਡੇਂਗੂ ਦੇ ਲੱਛਣ ਦਿਸਣ ‘ਤੇ 3 ਤੋਂ 5 ਦਿਨਾਂ ਦੇ ਅੰਦਰ IgM ਟੈਸਟ ਕਰਵਾਉਣਾ ਸਹੀ ਹੈ, ਜਦਕਿ IgG ਨੂੰ 5 ਤੋਂ 10 ਦਿਨਾਂ ਦੇ ਅੰਦਰ ਕਰਨਾ ਜ਼ਿਆਦਾ ਸਹੀ ਮੰਨਿਆ ਜਾਂਦਾ ਹੈ।
ਇਲਾਜ ਦੌਰਾਨ ਸਾਵਧਾਨੀਆਂ
1-ਪੀਣ ਵਾਲੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਕਰਨੀ (ਨਿੰਬੂ ਪਾਣੀ, ਲੱਸੀ)
2-ਟੱਟੀ ਜਾਂ ਉਲਟੀ ਚ ਖੂਨ ਆਉਣ ਦਾ ਧਿਆਨ ਰੱਖਣਾ।
3-ਨੱਕ ਜਾਂ ਮਸੂੜਿਆਂ ਤੋਂ ਖੂਨ ਵਗਣਾ।
ਚਮੜੀ ਤੇ ਧੱਬਿਆਂ ਦਾ ਖਿਆਲ ।
4-ਦਾਤਣ ਜਾਂ ਬੁਰਸ਼ ਕਰਨ ਦੀ ਮਨਾਹੀ।
5-ਮਰੀਜ਼ ਨੂੰ ਕਬਜ਼ ਨਾ ਹੋਣ ਦੇਣੀ ਅਤੇ ਪਖਾਨਾ ਜਾਣ ਸਮੇਂ ਜਿਆਦਾ ਜੋ਼ਰ ਲਾਉਣਾ ਵਰਜਿਤ।
6-ਸਖ਼ਤ ਜਾਂ ਨੁਕੀਲੇ ਕੰਢਿਆਂ ਵਾਲੀਆਂ ਵਸਤਾਂ ਖਾਣ ਦੀ ਮਨਾਹੀ।
ਡੇਂਗੂ ਤੋਂ ਬਚਣ ਲਈ ਸਾਵਧਾਨੀਆਂ : ਘਰਾਂ ਵਿੱਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੀਏ, ਹਰ ਹਫਤੇ ਖਾਲੀ ਕਰ ਕੇ ਸੁਕਾਉਣਾ ਬਹੁਤ ਜ਼ਰੂਰੀ ਹੈ, ਘਰਾਂ ਦੀਆਂ ਛੱਤਾਂ ਉੱਪਰ ਪਏ ਪੁਰਾਣੇ ਟਾਇਰ-ਟੱਪੇ, ਕਬਾੜ ਆਦਿ ਨੂੰ ਛੱਤ ਹੇਠਾਂ ਰੱਖੀਏ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੋਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰ ਕੇ ਸਾਫ਼ ਕਰੀਏੇ, ਕੂਲਰਾਂ ਨੂੰ ਵੀ ਹਫਤੇ ਤੋਂ ਪਹਿਲਾਂ ਖਾਲੀ ਕਰ ਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਫਰਿੱਜ ਦੇ ਪਿਛਲੇ ਪਾਸੇ ਲੱਗੀ ਟਰੇਅ ਨੂੰ ਖਾਲੀ ਕਰ ਕੇ ਸੁਕਾਈਏ, ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫ਼ਾਈ ਕਰਨੀ ਵੀ ਜ਼ਰੂਰੀ ਹੈ, ਬਚਾਅ ਲਈ ਖੜ੍ਹੇ ਪਾਣੀ ਦੇ ਸੋਮਿਆਂ ’ਤੇ ਕਾਲਾ-ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਅੰਡੇ ਖਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਇਨ੍ਹਾਂ ਸਾਰੀਆਂ ਸਾਵਧਾਨੀਆਂ ਨੂੰ ਅਮਲ ’ਚ ਲਿਆਉਣ ਲਈ ਬਣਾਈ ਰਣਨੀਤੀ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਨੇ ਨਾਅਰਾ ਦਿੱਤਾ ਹੋਇਆ ਹੈ, ‘‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ।” ਭਾਵ ਸ਼ੁੱਕਰਵਾਰ ਨੂੰ ਬਰਤਨਾਂ,ਗਮਲਿਆਂ ਤੇ ਕੂਲਰਾਂ ਚੋਂ ਪਾਣੀ ਦੀ ਸਫ਼ਾਈ ਕਰਵਾਉਣੀ।ਇਸ ਮੌਸਮ ਵਿੱਚ ਪੂਰੇ ਕੱਪੜੇ ਪਹਿਨੋ – ਸਰੀਰ ਨੂੰ ਢੱਕ ਕੇ ਰੱਖੋ, ਰਾਤ ਸਮੇਂ ਸੌਣ ਲੱਗਿਆ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਵੋ, ਸਰੀਰ ਉਪਰ ਮੱਛਰ ਨਾਸ ਕਰਨ ਵਾਲੀਆਂ ਕਰੀਮਾਂ ਜਾਂ ਤੇਲ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਹਰ ਇੱਕ ਬੁਖਾਰ ਵਾਲੇ ਕੇਸ ਦਾ ਡੇਂਗੂ ਸਬੰਧੀ ਖੂਨ ਦਾ ਸਲਾਈਡ ਟੈਸਟ ਕਰਨ ਜਾਂ ਖੂਨ ਜਾਂਚ ਸੀ ਬੀ ਸੀ(ਕੰਮਪਲੀਟ ਬਲੱਡ ਕਾਉਂਟਸ) ਇਸ ਤੋਂ ਇਲਾਵਾ ਜਿਆਦਾ ਸੈੱਲ ਘੱਟ ਹੋਣ ਤੇ ਜਿਗਰ ਤੇ ਗੁਰਦਿਆਂ ਦਾ ਕੰਮ ਦੇਖਣ ਲਈ ਅਲਟਰਾ ਸਾਊਂਡ ਸਕੈਨ (ਪੇਟ ਦੀ ਸਕੈਨ) ਅਤੇ ਖੂਨ ਤੋਂ ਐਲ ਐਫ ਟੀ, ਆਰ ਐਫ ਟੀ ਵੀ ਮੱਦਦਗਾਰ ਸਾਬਿਤ ਹੋਣਗੇ। ਡੇਂਗੂ ਪ੍ਰਭਾਵਿਤ ਖੇਤਰਾਂ ਅੰਦਰ ਸਪਰੇਅ ਤੇ ਫੌਗਿੰਗ ਆਦਿ ਕਰਵਾ ਦੇਣੀ ਚਾਹੀਦੀ ਹੈ।
ਬਰਸਾਤ ਦੇ ਮੌਸਮ ਚ ਵਾਟਰ ਬੋਰਨ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆਂ ਤਰੀਕਾ ਹੈ ਕਿ ਸਾਫ-ਸਫਾਈ ਰੱਖੀ ਜਾਵੇ ਤੇ ਕਿਸੇ ਥਾਂ ’ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਅਜਿਹੇ ਲੱਛਣ ਹੋਣ ’ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ, ਡੇਂਗੂ ਦਾ ਟੈਸਟ ਤੇ ਇਲਾਜ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਸਿਆਣੇ ਆਖਦੇ ਨੇ ਇਲਾਜ ਨਾਲੋਂ ਪ੍ਰਹੇਜ਼ ਚੰਗਾ ਬੱਚਿਆਂ ਦੇ ਸਕੂਲ ਪੂਰੇ ਕੱਪੜੇ ਪਾ ਕੇ ਭੇਜੋ ਅਤੇ ਉਹਨਾਂ ਨੂੰ ਘਾਹ ਤੇ ਖੇਡਣ ਤੋਂ ਵਰਜੋ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ ।
ਪੀ ਐਚ ਡੀ
ਹੈਲਥਕੇਅਰ ਮਾਰਕੀਟ ਮੈਨੇਜਮੈਂਟ
ਮਾਸਟਰ ਇੰਨ ਸਾਇੰਸ
ਕਲੀਨਿਕਲ ਮਾਈਕ੍ਰੋਬਾਇਉਲੋਜੀ
ਬੈਚਲਰ ਆਫ਼ ਲੈਬਾਰਟਰੀ ਟੈਕਨਾਲੋਜੀ
ਡੀ ਫਾਰਮੇਸੀ, ਗਿਆਨੀ

ਸਪੰਰਕ-9914346204
happy4ustar@gmail.com