ਜਲੰਧਰ, 12 ਮਾਰਚ, ਬੋਲੇ ਪੰਜਾਬ ਬਿਊਰੋ :
ਸ਼ਹਿਰ ਵਿੱਚ ਸਥਿਤ ਪੀ.ਪੀ.ਆਰ. ਮਾਰਕੀਟ ਵਿੱਚ ਗੋਲੀਆਂ ਚਲਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਪੀ.ਪੀ.ਆਰ. ਮਾਰਕੀਟ ਵਿੱਚ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਰਾਤ ਭਰ ਪੁਲਿਸ ਨੂੰ ਗੋਲੀਆਂ ਚਲਣ ਦਾ ਕੋਈ ਪਤਾ ਹੀ ਨਹੀਂ ਲੱਗਿਆ ਅਤੇ ਸਵੇਰੇ ਜਦੋਂ ਇੱਕ ਆਪਟਿਕਲ ਵਾਲਾ ਆਪਣੀ ਦੁਕਾਨ ਖੋਲਣ ਆਇਆ ਤਾਂ ਸ਼ਟਰ ਦੇ ਪਿੱਛੇ ਕੱਚ ਦੇ ਦਰਵਾਜ਼ੇ ਵਿੱਚ ਗੋਲੀ ਆਰ-ਪਾਰ ਹੋਈ ਹੋਈ ਦੇਖੀ ਗਈ।
ਫੌਰੀ ਤੌਰ ’ਤੇ ਥਾਣਾ 7 ਦੀ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਹੈਰਾਨੀ ਦੀ ਗੱਲ ਹੈ ਕਿ ਸਵੇਰੇ 11 ਵਜੇ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਸ਼ਾਮ 5 ਵਜੇ ਤਕ ਮੌਕੇ ’ਤੇ ਕੋਈ ਵੀ ਪੁਲਿਸ ਕਰਮੀ ਜਾਂਚ ਲਈ ਨਹੀਂ ਪਹੁੰਚਿਆ ਸੀ। ਪਰਲ ਆਪਟਿਕਲ ਦੇ ਮਾਲਕੀ ਨੇ ਦੱਸਿਆ ਕਿ ਸਵੇਰੇ 10 ਵਜੇ ਜਦੋਂ ਉਹ ਦੁਕਾਨ ਖੋਲਣ ਆਇਆ ਤਾਂ ਉਸ ਦੀ ਦੁਕਾਨ ਦੇ ਸ਼ਟਰ ’ਚ ਛੇਕ ਸੀ। ਜਦੋਂ ਉਸਨੇ ਸ਼ਟਰ ਚੁੱਕ ਕੇ ਦੇਖਿਆ ਤਾਂ ਕੱਚ ਦੇ ਦਰਵਾਜ਼ੇ ਵਿੱਚ ਵੀ ਗੋਲੀ ਆਰ-ਪਾਰ ਹੋਈ ਪਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਦੇਰ ਰਾਤ 11 ਵਜੇ ਸ਼ਰਾਬ ਦੇ ਨਸ਼ੇ ਵਿੱਚ ਫਾਰਚੂਨਰ ਗੱਡੀ ’ਚ ਸਵਾਰ ਨੌਜਵਾਨਾਂ ਨੇ ਉੱਥੇ ਨਸ਼ੇ ਵਿੱਚ ਧੁੱਤ ਹੋ ਕੇ ਫਾਇਰਿੰਗ ਕੀਤੀ ਸੀ, ਜਿਸ ਵਿੱਚੋਂ ਇੱਕ ਗੋਲੀ ਉਸ ਦੀ ਦੁਕਾਨ ਵੱਲ ਚਲਾਈ ਗਈ ਸੀ।
