ਲੁਧਿਆਣਾ , 11 ਮਾਰਚ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਡੈਮੋਕ੍ਰੇਟਿਕ ਟੀਚਰ ਫਰੰਟ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਨੇ ਪ੍ਰੈੱਸ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲੇ ਦੇ ਸੈਂਕੜੇ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਅੰਦਰ ਬਜਟ ਨਾ ਹੋਣ ਕਾਰਨ ਫਰਵਰੀ ਦੀਆਂ ਤਨਖ਼ਾਹਾਂ ਨਹੀ ਮਿਲ ਸਕੀਆਂ, ਜਿਸ ਕਾਰਨ ਅਧਿਆਪਕਾਂ ਦੀ ਹਾਲਤ ਗੰਭੀਰ ਅਤੇ ਤਰਸਯੋਗ ਬਣੀ ਹੋਈ ਹੈ। ਆਗੂਆਂ ਨੇ ਦੱਸਿਆ ਇਸ ਸਬੰਧੀ ਜੱਥੇਬੰਦੀਆਂ ਵੱਲੋਂ ਤਨਖਾਹ ਦੇ ਮਸਲੇ ਸਬੰਧੀ ਜਿਲੇ ਦੇ ਸਿੱਖਿਆ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਤੋਂ ਜਿਲੇ ਅੰਦਰ ਜਲਦੀ ਬਜਟ ਅਲਾਟ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ ਸੀ। ਉਨਾਂ ਦੱਸਿਆ ਕਿ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਅਧਿਆਪਕਾਂ ਨੂੰ ਤਨਖਾਹਾਂ ਮਿਲ ਚੁੱਕੀਆਂ ਹਨ। ਉਨਾ ਕਿਹਾ ਕਿ ਬਹੁਤ ਸਾਰੇ ਅਧਿਆਪਕਾਂ ਨੂੰ ਤਨਖਾਹ ਨਾ ਮਿਲਣ ਕਾਰਨ ਬੈਂਕਾਂ ਤੋਂ ਲਏ ਗਏ ਲੋਨ ਦੀਆਂ ਕਿਸਤਾਂ ਨਾ ਭਰਨ ਕਰਕੇ ਆਰਥਿਕ ਤੌਰ ਤੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ। ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ ਕੇ ਜੇਕਰ ਜਲਦੀ ਤਨਖਾਹਾਂ ਨਹੀਂ ਮਿਲਦੀਆਂ ਤਾਂ ਜੱਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।ਇਸ ਮੌਕੇ ਮਨਪ੍ਰੀਤ ਸਿੰਘ ਸਮਰਾਲਾ, ਰਕੇਸ਼ ਪੋਹੀੜ, ਰਜਿੰਦਰ ਜੰਡਿਆਲੀ, ਜਸਵਿੰਦਰ ਸਿੰਘ ਐਤੀਆਣਾ,ਬਲਵੀਰ ਸਿੰਘ ਬਾਸੀਆਂ,ਅਵਤਾਰ ਸਿੰਘ ਖਾਲਸਾ, ਜੰਗਪਾਲ ਸਿੰਘ ਰਾਏਕੋਟ, ਪ੍ਰਵੀਨ ਕੁਮਾਰੀ, ਸਤਿਕਰਤਾਰ ਸਿੰਘ,ਪਰਮਿੰਦਰ ਸਿੰਘ,ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।