ਪੋਰਟ ਲੁਈਸ, 11 ਮਾਰਚ,ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਨੂੰ ਦੋ ਦਿਨਾਂ ਯਾਤਰਾ ’ਤੇ ਮੌਰੀਸ਼ਸ ਪਹੁੰਚੇ। ਪੋਰਟ ਲੂਈਸ ਵਿੱਚ ਪੀਐੱਮ ਮੋਦੀ ਦਾ ਮੌਰੀਸ਼ਸ ਵਿੱਚ ਸ਼ਾਨਦਾਰ ਅਤੇ ਗਰਮਜੋਸ਼ੀ ਭਰਿਆ ਸਵਾਗਤ ਕੀਤਾ ਗਿਆ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਸਮੇਤ ਉੱਚ ਹਸਤੀਆਂ ਨੇ ਪੀਐੱਮ ਮੋਦੀ ਦਾ ਸਵਾਗਤ ਕੀਤਾ। ਪੀਐੱਮ ਨਵੀਨ ਨੇ ਪੀਐੱਮ ਮੋਦੀ ਨੂੰ ਮਾਲਾ ਪਹਿਨਾਈ ਅਤੇ ਗਲੇ ਮਿਲ ਕੇ ਉਨ੍ਹਾਂ ਦਾ ਆਪਣੇ ਦੇਸ਼ ਵਿੱਚ ਸਵਾਗਤ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਪੀਐੱਮ ਮੋਦੀ ਦਾ ਸਵਾਗਤ ਕਰਨ ਲਈ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਦੇ ਨਾਲ ਉਪ ਪ੍ਰਧਾਨ ਮੰਤਰੀ, ਮੌਰੀਸ਼ਸ ਦੇ ਮੁੱਖ ਜੱਜ, ਨੈਸ਼ਨਲ ਅਸੈਂਬਲੀ ਦੇ ਸਪੀਕਰ, ਵਿਰੋਧੀ ਪਾਰਟੀ ਦੇ ਨੇਤਾ, ਵਿਦੇਸ਼ ਮੰਤਰੀ, ਕੈਬਨਿਟ ਸਕੱਤਰ, ਗ੍ਰੈਂਡ ਪੋਰਟ ਜ਼ਿਲ੍ਹਾ ਕੌਂਸਲ ਦੇ ਪ੍ਰਧਾਨ ਅਤੇ ਹੋਰ ਕਈ ਮਹੱਤਵਪੂਰਨ ਵਿਅਕਤੀ ਵੀ ਮੌਜੂਦ ਸਨ।
