ਐੱਸਜੀਪੀਸੀ ਦੀ ਅੰਤਰਿੰਗ ਕਮੇਟੀ ਵੱਲੋਂ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਬਰਤਫ਼ ਕੀਤਾ ਗਿਆ ਹੈ।ਉਸ ਨਾਲ ਸਮੁੱਚੇ ਪੰਥ ਚ ਰੋਸ ਉੱਠ ਖਲੋਤਾ ਹੈ।ਇਹੀ ਵਜ੍ਹਾ ਹੈ ਕਿ ਅਕਾਲੀ ਆਗੂਆਂ ਵੱਲੋਂ ਧੜਾ ਧੜ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦੇ ਨਾਲ ਨਾਲ ਐੱਸਜੀਪੀਸੀ ਦੇ ਫ਼ੈਸਲੇ ਖਿਲਾਫ ਇਤਰਾਜ਼ ਜਤਾਉਂਦਿਆਂ ਇਸ ਨੂੰ ਵਾਪਿਸ ਲੈਣ ਦੀ ਗੱਲ ਆਖੀ ਜਾ ਰਹੀ ਹੈ।ਜਿੰਨੀ ਵੱਡੀ ਪੱਧਰ ਉੱਤੇ ਸਿੱਖ ਜਥੇਬੰਦੀਆਂ ਵੱਲੋਂ ਐੱਸਜੀਪੀਸੀ ਦੀ ਅੰਤਰਿੰਗ ਕਮੇਟੀ ਦੇ ਫ਼ੈਸਲੇ ਦਾ ਵਿਰੋਧ ਉੱਠ ਖੜਾ ਹੋਇਆ ਹੈ ਇੰਨਾ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ।ਅਕਾਲੀ ਦਲ ਤੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਦਾ ਵਿਰੋਧ ਕਾਫੀ ਹੱਦ ਤੱਕ ਜਾਇਜ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਕਮੇਟੀ ਵੱਲੋਂ ਜਥੇਦਾਰਾਂ ਨੂੰ ਫ਼ਾਰਗ ਕਰਨ ਦਾ ਕੋਈ ਪੁਖ਼ਤਾ ਕਾਰਨ ਨਹੀਂ ਦੱਸਿਆ ਗਿਆ।ਜਿਸ ਕਰਕੇ ਪੰਥਕ ਹਲਕਿਆਂ ਚ ਰੋਸ ਜਾਗਣਾ ਲਾਜ਼ਮੀ ਸੀ।ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੁਕਮਨਾਮੇ ਮੁਤਾਬਕ ਅਕਾਲੀ ਦਲ ਦੀ ਨਵੀਂ ਭਰਤੀ ਕੀਤੇ ਜਾਣ ਨੂੰ ਲੈ ਕੇ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਅੱਖੋਂ ਓਹਲੇ ਕਰਕੇ ਅਕਾਲੀ ਦਲ ਵੱਲੋਂ ਭਰਤੀ ਕੀਤੀ ਜਾ ਰਹੀ ਸੀ।ਜਿਸ ਤੇ ਸੁਧਾਰ ਲਹਿਰ ਦੇ ਆਗੂਆਂ ਨੇ ਇਤਰਾਜ਼ ਜਤਾਉਂਦਿਆਂ ਸ੍ਰੀ ਅਕਾਲ ਤਖ਼ਤ ਉੱਤੇ ਪੇਸ਼ ਹੋ ਕੇ ਸਬੰਧਤ ਆਗੂਆਂ ਵਿਰੁੱਧ ਹੁਕਮਨਾਮੇ ਦੀ ਉਲੰਘਣਾ ਕੀਤੇ ਜਾਣ ਨੂੰ ਲੈ ਕੇ ਸਬੰਧਤ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।ਇਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਐਲਾਨੀ ਕਮੇਟੀ ਨੂੰ ਮੀਟਿੰਗ ਸੱਦ ਕੇ ਭਰਤੀ ਸ਼ੁਰੂ ਕੀਤੇ ਜਾਣ ਦੇ ਜਥੇਦਾਰ ਸਾਹਿਬ ਵੱਲੋਂ ਆਦੇਸ਼ ਦਿੱਤੇ ਗਏ ਸਨ। ਪਰ ਕਿਉਂਕਿ ਉਸ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਨ।ਪਰ ਕਿਉਂਕਿ ਐੱਸਜੀਪੀਸੀ ਪ੍ਰਧਾਨ ਦੀ ਨਿਯੁਕਤੀ ਦੀ ਪਰਚੀ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਲਿਫਾਫੇ ਚੋ ਨਿਕਲਦੀ ਹੈ।ਇਸ ਲਈ ਹਰਜਿੰਦਰ ਸਿੰਘ ਧਾਮੀ ਕਸੂਤੇ ਫਸ ਚੁੱਕੇ ਸਨ।ਉਨਾਂ ਉੱਤੇ ਕਮੇਟੀ ਦੀ ਮੀਟਿੰਗ ਨਾ ਸਦੇ ਜਾਣ ਦਾ ਦਬਾਅ ਸੀ।ਇਸ ਲਈ ਲੰਬੀ ਲਿੱਪਾ ਪੋਚੀ ਪਿੱਛੋਂ ਉਨਾਂ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ।ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਜਿੱਥੇ ਸਾਬਕਾ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰਨ ਨੂੰ ਗਲਤ ਕਰਾਰ ਦਿੱਤਾ ਗਿਆ ਸੀ ਉਥੇ ਸ੍ਰੀ ਅਕਾਲ ਤਖ਼ਤ ਤੋ ਜਾਰੀ ਹੁਕਮਨਾਮਿਆਂ ਨੂੰ ਇਨਬਿਨ ਲਾਗੂ ਕਰਨ ਲਈ ਵੀ ਕਿਹਾ ਗਿਆ। ਜੋ ਸੁਖਬੀਰ ਸਿੰਘ ਬਾਦਲ ਧੜੇ ਨੂੰ ਸ਼ਾਇਦ ਮਨਜੂਰ ਨਹੀਂ ਸੀ। ਇਸ ਸਾਰੇ ਘਟਨਾਕ੍ਰਮ ਮਗਰੋਂ ਦਬਾਅ ਥੱਲੇ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਹੁਣ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਜਥੇਦਾਰ ਸੁਲਤਾਨ ਸਿੰਘ ਦੀ ਬਲੀ ਚਾੜ ਦਿੱਤੀ ਗਈ। ਜਿਸ ਨਾਲ ਪੰਥਕ ਹਲਕਿਆਂ ਚ ਰੋਸ ਉਠ ਖਲੋਤਾ ਹੈ। ਸ਼ਾਇਦ ਸੁਖਬੀਰ ਸਿੰਘ ਬਾਦਲ ਤੇ ਉਸਦੇ ਸਾਥੀਆਂ ਨੂੰ ਇਹ ਉਮੀਦ ਨਹੀਂ ਸੀ ਕੇ ਕਮੇਟੀ ਦੇ ਫ਼ੈਸਲੇ ਖਿਲਾਫ ਇਨੀ ਵੱਡੀ ਪੱਧਰ ਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂਆਂ ਅਤੇ ਨਿਹੰਗ ਜਥੇਬੰਦੀਆਂ ਦੇ ਮੁਖੀ ਬਲਬੀਰ ਸਿੰਘ ਵੱਲੋਂ ਬਗਾਵਤ ਦਾ ਇਸ ਤਰਾਂ ਝੰਡਾ ਚੁੱਕਿਆ ਜਾਵੇਗਾ।ਕਮੇਟੀ ਦੇ ਫ਼ੈਸਲੇ ਉੱਤੇ ਇਤਰਾਜ਼ ਤੇ ਅਸਤੀਫ਼ਿਆਂ ਦੀ ਝੜੀ ਨੇ ਸੁਖਬੀਰ ਨੂੰ ਕਸੂਤੀ ਸਥਿਤੀ ਚ ਲਿਆ ਖੜਾ ਕੀਤਾ ਹੈ।ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਬਿਕਰਮ ਸਿੰਘ ਮਜੀਠੀਆ ਤੇ ਉਸਦੇ ਸਾਥੀਆਂ ਖਿਲਾਫ ਕੀਤੀ ਗਈ ਬਿਆਨਬਾਜੀ ਤੇ ਕਾਰਵਾਈ ਦੀ ਧਮਕੀ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ ।ਜਿਸ ਪਿੱਛੋਂ ਪਾਰਟੀ ਚ ਵੱਡੀ ਤਾਦਾਦ ਚ ਆਗੂਆਂ ਨੇ ਐੱਸਜੀਪੀਸੀ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਫ਼ੈਸਲੇ ਨੂੰ ਵਾਪਿਸ ਲਏ ਜਾਣ ਦੀ ਮੰਗ ਕੀਤੀ ਹੈ।
ਅਕਾਲੀ ਦਲ ਚ ਉੱਠੀ ਵੱਡੀ ਬਗਾਵਤ ਨਾਲ ਸੁਖਬੀਰ ਸਿੰਘ ਬਾਦਲ ਕਸੂਤੀ ਸਥਿਤੀ ਚ ਘਿਰ ਗਏ ਹਨ।ਕਿਉਂਕਿ ਇਸ ਵਾਰ ਵਿਰੋਧ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਸੁਖਬੀਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਪਾਰਟੀ ਦੇ ਟਕਸਾਲੀ ਆਗੂ ਹਨ। ਇਸ ਤਰਾਂ ਐੱਸਜੀਪੀਸੀ ਦੀ ਅੰਤਰਿੰਗ ਕਮੇਟੀ ਵੱਲੋਂ ਫ਼ੈਸਲਾ ਵਾਪਸ ਲਏ ਜਾਣਾ ਸੱਪ ਦੇ ਮੂੰਹ ਚ ਕੋਹੜ ਕਿਰਲੀ ਵਾਲੀ ਗੱਲ ਹੈ। ਜੇ ਕਮੇਟੀ ਆਪਣਾ ਫ਼ੈਸਲਾ ਵਾਪਸ ਲੈਂਦੀ ਹੈ ਤਾਂ ਕਮੇਟੀ ਦੀ ਕਿਰਕਰੀ ਤਾਂ ਹੋਵੇਗੀ ਹੀ,ਨਾਲ ਹੀ ਬਿਕਰਮ ਸਿੰਘ ਮਜੀਠੀਆ ਸਿਆਸੀ ਤੌਰ ਤੇ ਸੁਖਬੀਰ ਤੋਂ ਵੱਧ ਮਜ਼ਬੂਤ ਹੋ ਜਾਵੇਗਾ।ਕਿਉਂਕਿ ਫ਼ੈਸਲਾ ਵਾਪਿਸ ਲੈਣ ਨਾਲ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋ 2ਦਸੰਬਰ ਵਾਲਾ ਹੁਕਮਨਾਮਾ ਵੀ ਮੰਨਣ ਪਵੇਗਾ ਤੇ ਅਕਾਲੀ ਦਲ ਦੀ ਭਰਤੀ ਦੀ ਪ੍ਰਕਿਰਿਆ ਵੀ ਨਵੇਂ ਸਿਰੇ ਤੋਂ ਸੱਤ ਮੈਂਬਰੀ ਕਮੇਟੀ ਅਧੀਨ ਕਰਨੀ ਪਵੇਗੀ। ਜੋ ਬਾਦਲ ਹਮਾਇਤੀਆਂ ਨੂੰ ਮਨਜੂਰ ਨਹੀਂ ਹੈ।ਸਿੱਖ ਹਲਕਿਆਂ ਦਾ ਮੰਨਣਾ ਹੈ ਕੇ ਜੇ ਸੱਤ ਮੈਂਬਰੀ ਕਮੇਟੀ ਅਧੀਨ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਹੁੰਦੀ ਹੈ ਤਾਂ ਬਿਕਰਮ ਮਜੀਠੀਆ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾ ਸਕਦੇ ਹਨ। ਕਿਉਂਕਿ ਉਨਾਂ ਦਾ ਸੂਬੇ ਚ ਵੱਡਾ ਨਿੱਜੀ ਕਾਡਰ ਹੈ। ਤੇ ਲੋਕ ਉਸ ਨੂੰ ਇੱਕ ਨਿਧੜਕ ਆਗੂ ਵਜੋਂ ਵੇਖਦੇ ਹਨ।ਬਾਗ਼ੀ ਧੜਾ ਵੀ ਉਨਾਂ ਤੇ ਸਹਿਮਤੀ ਦੇ ਸਕਦਾ ਹੈ।ਪਰ ਅੱਜ ਦੇ ਸੰਦਰਭ ਚ ਇਹ ਇੱਕ ਅਲੱਗ ਵਿਸ਼ਾ ਹੈ। ਜਿਸ ਉੱਤੇ ਫਿਰ ਕਿਸੇ ਦਿਨ ਚਰਚਾ ਕਰਾਂਗੇ।ਸੋ ਹਾਲ ਦੀ ਘੜੀ ਐੱਸਜੀਪੀਸੀ ਦੀ ਅੰਤਰਿੰਗ ਕਮੇਟੀ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣੇ ਫ਼ੈਸਲੇ ਉੱਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰਹੇ।
ਅਜੀਤ ਖੰਨਾ
( ਲੈਕਚਰਾਰ ਇਤਿਹਾਸ )
ਐਮਏ,ਐਮਫਿਲ,ਐਮਜੇਐਮਸੀ,ਬੀ ਐਡ
ਮੋਬਾਈਲ :76967-54669