ਵਾਇਰਲ ਹੋਈਆਂ ਵੀਡੀਓ ਨੇ ਉੱਚ ਅਧਿਕਾਰੀਆਂ ਉੱਤੇ ਇਸ ਮਾਮਲੇ ਬਾਰੇ ਚੁੱਕੇ ਸਵਾਲ
ਪ੍ਰਸ਼ਾਸਨ ਤੋਂ ਮੰਗ ਹੈ, ਇਸ ਮਾਮਲੇ ਨਾਲ ਸੰਬੰਧਿਤ ਉੱਚ ਅਧਿਕਾਰੀਆਂ ਨੂੰ ਬਚਾਉਣ ਲਈ ਕਿਸੇ ਗਰੀਬ ਨੂੰ ਬਲੀ ਦਾ ਬੱਕਰਾ ਨਾ ਬਣਾਵੇ: ਕੁੰਭੜਾ
ਚੰਡੀਗੜ੍ਹ 8 ਮਾਰਚ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਵਿੱਤ ਤੇ ਯੋਜਨਾ ਭਵਨ ਸੈਕਟਰ 33 ਏ ਵਿੱਚ ਰਾਸ਼ਟਰੀ ਪੰਛੀ ਮੋਰ ਦੀ ਹੋਈ ਮੌਤ ਦਾ ਮਾਮਲਾ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਕਈ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਇਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਪ੍ਰਸ਼ਨ ਉਠਾਏ ਹਨ।
ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਦੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉੱਚ ਅਧਿਕਾਰੀਆਂ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਇਹ ਇੱਕ ਗਿਣੀ ਮਿਥੀ ਸਾਜਿਸ਼ ਹੈ। ਸਾਡੇ ਦੇਸ਼ ਵਿੱਚ ਰਾਸ਼ਟਰੀ ਪੰਛੀ ਮੋਰ ਦਾ ਸਤਿਕਾਰ ਹਰ ਦੇਸ਼ਵਾਸੀ ਕਰਦਾ ਹੈ। ਪਰ ਇਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਨਲਾਇਕੀ ਜਗ ਜਾਹਰ ਹੋ ਚੁੱਕੀ ਹੈ। ਉਹਨਾਂ ਇਸ ਮਾਮਲੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਦੱਸਣ ਦੀ ਬਜਾਏ ਇਸ ਮ੍ਰਿਤਕ ਮੋਰ ਦੀ ਦੇਹ ਨੂੰ ਦਬਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਨਿੰਦਣਯੋਗ ਸਾਜਿਸ਼ ਰਚੀ ਹੈ। ਜਿਸ ਨੂੰ ਸਾਡਾ ਮੋਰਚਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਤੇ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਜੁੜੇ ਸਾਰੇ ਅਧਿਕਾਰੀਆਂ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤੇ ਉੱਚ ਅਧਿਕਾਰੀਆਂ ਨੂੰ ਬਚਾਉਣ ਲਈ ਕਿਸੇ ਗਰੀਬ ਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ। ਇਸ ਮਾਮਲੇ ਬਾਰੇ ਮੋਰਚੇ ਨੇ ਮਾਨਯੋਗ ਮੇਨਕਾ ਗਾਂਧੀ ਜੀ ਪਸ਼ੂ ਅਤੇ ਪੰਛੀ ਸੁਰੱਖਿਆ ਵਿਭਾਗ, ਕੇਂਦਰ ਸਰਕਾਰ ਨਵੀਂ ਦਿੱਲੀ, ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਅਤੇ ਐਸਐਚਓ ਸਾਹਿਬ ਪੁਲਿਸ ਥਾਣਾ ਸੈਕਟਰ 34 ਚੰਡੀਗੜ੍ਹ ਨੂੰ ਦਰਖਾਸਤਾਂ ਭੇਜ ਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕ੍ਰਿਸ਼ਨ ਸਿੰਘ ਲੱਖੀਆਂ ਸਾਬਕਾ ਕੌਂਸਲਰ, ਗਜਿੰਦਰ ਸਿੰਘ ਗਜਨ ਸੀਨੀਅਰ ਆਗੂ, ਨਰਿੰਦਰ ਸਿੰਘ ਸਾਬਕਾ ਸਰਪੰਚ ਜੌਹਲੀ ਆਦਿ ਹਾਜ਼ਰ ਸਨ।