ਚੰਡੀਗੜ੍ਹ, 7 ਮਾਰਚ, ਬੋਲੇ ਪੰਜਾਬ ਬਿਊਰੋ
ਚੈੱਕ ਬਾਊਂਸ ਮਾਮਲੇ ‘ਚ ਪੇਸ਼ ਨਾ ਹੋਣ ਕਾਰਨ ਅਦਾਲਤ ਤੋਂ ਭਗੌੜਾ ਐਲਾਨੇ ਗਏ ਵਿਨੋਦ ਸਹਿਵਾਗ ਨੂੰ ਮਨੀਮਾਜਰਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਵਿਨੋਦ ਸਹਿਵਾਗ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਭਰਾ ਹੈ।ਉਸ ਖ਼ਿਲਾਫ਼ 7 ਕਰੋੜ ਰੁਪਏ ਦਾ ਚੈੱਕ ਬਾਊਂਸ ਦਾ ਮਾਮਲਾ ਚੱਲ ਰਿਹਾ ਹੈ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਨੈਨਾ ਪਲਾਸਟਿਕ ਕੰਪਨੀ ਦੇ ਵਕੀਲ ਵਿਕਾਸ ਸਾਗਰ ਨੇ ਦੱਸਿਆ ਕਿ ਜਲਤਾ ਕੰਪਨੀ ਨੇ ਉਨ੍ਹਾਂ ਦੀ ਕੰਪਨੀ ਤੋਂ 7 ਕਰੋੜ ਰੁਪਏ ਦਾ ਮਟੀਰੀਅਲ ਲਿਆ ਸੀ। ਇਸ ਦਾ ਭੁਗਤਾਨ ਕਰਨ ਲਈ, 2018 ਵਿੱਚ ਕੰਪਨੀ ਨੂੰ 1-1 ਕਰੋੜ ਰੁਪਏ ਦੇ ਸੱਤ ਚੈੱਕ ਦਿੱਤੇ ਗਏ ਸਨ। ਜਦੋਂ ਕੰਪਨੀ ਨੇ ਇਹ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਏ ਤਾਂ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਉਹ ਬਾਊਂਸ ਹੋ ਗਏ। ਸ਼ਿਕਾਇਤਕਰਤਾ ਕੰਪਨੀ ਨੇ ਇਸ ਸਬੰਧੀ ਜਲਤਾ ਕੰਪਨੀ ਨੂੰ ਸੂਚਿਤ ਕੀਤਾ ਪਰ ਦੋ ਮਹੀਨੇ ਬੀਤ ਜਾਣ ’ਤੇ ਜਦੋਂ ਚੈਕ ਕਲੀਅਰ ਨਾ ਹੋਇਆ ਤਾਂ ਉਸ ਨੇ ਕੰਪਨੀ ਅਤੇ ਡਾਇਰੈਕਟਰਾਂ ਖ਼ਿਲਾਫ਼ ਕਾਨੂੰਨੀ ਨੋਟਿਸ ਦੇ ਕੇ 15 ਦਿਨਾਂ ਵਿੱਚ ਅਦਾਇਗੀ ਦੀ ਮੰਗ ਕੀਤੀ। ਜਦੋਂ ਕਾਨੂੰਨੀ ਨੋਟਿਸ ਤੋਂ ਬਾਅਦ ਵੀ ਕੰਪਨੀ ਨੇ ਭੁਗਤਾਨ ਨਹੀਂ ਕੀਤਾ ਤਾਂ ਉਸ ਨੇ ਚੈੱਕ ਬਾਊਂਸ ਦਾ ਕੇਸ ਦਰਜ ਕਰਵਾਇਆ।