ਪੰਜਾਬ ਨੂੰ ਬੀਜੇਪੀ ਦੇ ਪੰਜੇ ਵਿੱਚ ਫਸਣੋਂ ਬਚਾਉਣ ਲਈ ਉਸ ਦੇ ਪਿੱਠੂ ਬਾਦਲ ਦਲ ਦੀਆਂ ਆਪਹੁਦਰੀਆਂ ਰੋਕਣ ਲਈ ਸਿੱਖ ਜਗਤ ਨੂੰ ਸਾਹਮਣੇ ਆਉਣ ਦਾ ਸੱਦਾ
ਮਾਨਸਾ, 7 ਮਾਰਚ ,ਬੋਲੇ ਪੰਜਾਬ ਬਿਊਰੋ :
ਸੀਪੀਆਈ (ਐਮ ਐਲ) ਲਿਬਰੇਸ਼ਨ ਪੰਜਾਬ ਨੇ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਐਸਜੀਪੀਸੀ ਦੀ ਅੰਤਰਿੰਗ ਕਮੇਟੀ ਵਲੋਂ ਇਕਤਰਫਾ ਤੌਰ ‘ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਹਟਾਉਣ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿਤਾ ਹੈ ਅਤੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ।
ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਜ਼ਾਹਰ ਕਰਦਾ ਹੈ ਕਿ ਹਰ ਵਕਤ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖਤਾਂ ਨੂੰ ਸਿੱਖ ਧਰਮ ਦੀ ਸਰਬਉਚ ਸੰਸਥਾ ਐਲਾਨਨ ਵਾਲੇ ਬਾਦਲ ਦਲ ਦੀ ਮੌਕਾਪ੍ਰਸਤ ਲੀਡਰਸ਼ਿਪ, ਜਦੋਂ ਅਪਣੀ ਸਿਆਸੀ ਜਕੜ ਟੁੱਟਦੀ ਜਾਪਦੀ ਹੈ, ਤਾਂ ਉਹ ਇੰਨਾਂ ਸੰਸਥਾਵਾਂ ਦੇ ਮਾਣ ਸਨਮਾਨ ਨੂੰ ਪੈਰਾਂ ਹੇਠ ਰੋਲਣ ਤੋਂ ਭੋਰਾ ਭਰ ਵੀ ਗੁਰੇਜ਼ ਨਹੀਂ ਕਰਦੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਹਿੰਦੂਤਵ ਦੀ ਫਿਰਕੂ ਹਨ੍ਹੇਰੀ ਝੁਲਾ ਰਹੀ ਬੀਜੇਪੀ ਪੰਜਾਬ ਨੂੰ ਅਪਣੇ ਪੰਜੇ ਵਿਚ ਜਕੜਣ ਲਈ ਹਰ ਹਰਬਾ ਵਰਤ ਰਹੀ ਹੈ, ਤਾਂ ਨਾਦਰਸ਼ਾਹ ਤੇ ਅਬਦਾਲੀ ਵਾਂਗ ਇਸ ਫਾਸਿਸਟ ਕਾਲੀ ਤਾਕਤ ਦਾ ਮੂੰਹ ਮੋੜਣ ਸਿੱਖ ਪੰਥ ਦੀਆਂ ਸ਼੍ਰੀ ਆਕਾਲ ਤਖ਼ਤ ਸਾਹਿਬ ਵਰਗੀਆਂ ਇਤਿਹਾਸਕ ਸੰਸਥਾਵਾਂ ਦੀ ਪ੍ਰੇਰਨਾਦਾਇਕ ਭੂਮਿਕਾ ਬੜੀ ਅਹਿਮ ਹੈ। ਸੰਸਾਰ ਭਰ ਵਿੱਚ ਫੈਲੇ ਸਿੱਖ ਸ਼ਰਧਾਲੂਆਂ ਨੂੰ ਬੀਜੇਪੀ ਦੇ ਪਿੱਠੂ ਬਾਦਲ ਦਲੀਆਂ ਨੂੰ ਫੈਸਲਾ ਕੁੰਨ ਚੁਣੌਤੀ ਦੇਣ ਲਈ ਸਾਹਮਣੇ ਆਉਣਾ ਚਾਹੀਦਾ ਹੈ।