ਚੰਡੀਗੜ੍ਹ, 7 ਮਾਰਚ, ਬੋਲੇ ਪੰਜਾਬ ਬਿਊਰੋ :
ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਟੀਮ ਨੇ ਗੈਰਕਾਨੂੰਨੀ ਹਥਿਆਰ ਤਸਕਰੀ ਮੋਡੀਊਲ ਦੇ ਦੋ ਮੈਂਬਰਾਂ ਨੂੰ ਚਾਰ ਪਿਸਤੌਲ ਅਤੇ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਪੁਲਿਸ ਮਹਾਨਿਰਦੇਸ਼ਕ (DGP) ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਕਵਲਪ੍ਰੀਤ ਸਿੰਘ ਉਰਫ਼ ਕਨਵਰ, ਜੋ ਕਿ ਬਟਾਲਾ ਦੇ ਪਿੰਡ ਬੁੱਟਰ ਕਲਾਂ ਦਾ ਰਹਿਣ ਵਾਲਾ ਹੈ ਅਤੇ ਰਣਜੀਤ ਸਿੰਘ ਜੋ ਕਿ ਗੁਰਦਾਸਪੁਰ ਦੇ ਭੈਣੀ ਬਾਂਗੜ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ 9MM ਗਲੌਕ ਪਿਸਤੌਲ, ਇੱਕ .30 ਬੋਰ ਪਿਸਤੌਲ, ਅਤੇ ਦੋ .32 ਬੋਰ ਪਿਸਤੌਲ ਸਮੇਤ ਚਾਰ ਮੈਗਜ਼ੀਨ ਅਤੇ 39 ਗੋਲੀਆਂ ਸ਼ਾਮਲ ਹਨ।
DGP ਗੌਰਵ ਯਾਦਵ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਵਲਪ੍ਰੀਤ ਅਮਰੀਕਾ ਵਿਖੇ ਰਹਿੰਦੇ ਗੈਂਗਸਟਰ ਪਵਿਤਰ ਸਿੰਘ ਚੌੜਾ, ਜੋ ਕਿ ਬਟਾਲਾ ਦੇ ਪਿੰਡ ਚੌੜਾ ਦਾ ਰਹਿਣ ਵਾਲਾ ਹੈ, ਦੇ ਸੰਪਰਕ ਵਿੱਚ ਸੀ ਅਤੇ ਉਸਦੇ ਆਦੇਸ਼ ’ਤੇ ਕੰਮ ਕਰ ਰਿਹਾ ਸੀ।
