ਯੁੱਧ ਨਸ਼ਿਆਂ ਵਿਰੁੱਧ ਅਧੀਨ ਵੱਡੀ ਕਾਰਵਾਈ: ਖੰਨਾ ਅਤੇ ਅੰਮ੍ਰਿਤਸਰ ‘ਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਇਆ

ਚੰਡੀਗੜ੍ਹ

ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ‘ਤੇ ਕਾਰਵਾਈ ਕੀਤੀ ਹੋਰ ਤੇਜ਼, ਡਰੱਗ ਮਨੀ ਦੀ ਵਰਤੋਂ ਨਾਲ ਉਸਾਰੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ

ਚੰਡੀਗੜ੍ਹ, 6 ਮਾਰਚ ,ਬੋਲੇ ਪੰਜਾਬ ਬਿਊਰੋ :

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਦੀਆਂ ਕਈ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਅਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਇੱਕ ਵੱਡੀ ਕਾਰਵਾਈ ਕਰਦਿਆਂ ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਜੇ.ਸੀ.ਬੀ. ਮਸ਼ੀਨਾਂ ਦੀ ਵਰਤੋਂ ਕਰਦਿਆਂ ਨਸ਼ਾ ਤਸਕਰਾਂ ਦੁਆਰਾ ਬਣਾਏ ਗਏ ਦੋ ਮੰਜ਼ਿਲਾ ਘਰਾਂ ਅਤੇ ਦੁਕਾਨਾਂ ਨੂੰ ਢਾਹ ਦਿੱਤਾ। ਇਹ ਕਾਰਵਾਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਕੀਤੀ ਗਈ, ਜਿਸ ਜ਼ਰੀਏ ਨਸ਼ਾ ਤਸਕਰੀ ਵਿਰੁੱਧ ਇੱਕ ਸਖ਼ਤ ਸੰਦੇਸ਼ ਦਿੱਤਾ ਗਿਆ। ਢਾਹੀਆਂ ਗਈਆਂ ਜਾਇਦਾਦਾਂ ਦੋ ਨਾਮੀ ਨਸ਼ਾ ਤਸਕਰਾਂ ਗੁਰਮੀਤ ਸਿੰਘ ਅਤੇ ਸੰਦੀਪ ਸਿੰਘ ਉਰਫ਼ ਸੋਨੂੰ ਦੀਆਂ ਸਨ। ਦੱਸਣਯੋਗ ਹੈ ਕਿ ਗੁਰਮੀਤ ਸਿੰਘ ਵਿਰੁੱਧ ਤਿੰਨ ਕੇਸ ਦਰਜ ਕੀਤੇ ਗਏ ਹਨ, ਜਿਸ ਤੋਂ 325 ਗ੍ਰਾਮ ਸਮੈਕ ਅਤੇ 350 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸੰਦੀਪ ਸਿੰਘ ਵਿਰੁੱਧ ਚਾਰ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਤਿੰਨ ਕੇਸ ਸਰਾਏ ਅਮਾਨਤ ਖਾਨ ਵਿਖੇ ਅਤੇ ਤਿੰਨ ਐਂਟੀ-ਨਾਰਕੋਟਿਕਸ ਫੋਰਸ ਮੋਹਾਲੀ ਵਿਖੇ ਦਰਜ ਹਨ।
ਇੱਕ ਹੋਰ ਕਾਰਵਾਈ ਵਿੱਚ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ‘ਤੇ ਆਪਣੀ ਕਾਰਵਾਈ ਜਾਰੀ ਰੱਖਦਿਆਂ ਖੰਨਾ ਪੁਲਿਸ ਨੇ ਨਗਰ ਕੌਂਸਲ ਅਧਿਕਾਰੀਆਂ ਦੇ ਸਹਿਯੋਗ ਨਾਲ ਸਥਾਨਕ ਮੀਟ ਮਾਰਕੀਟ ਵਿੱਚ ਛੇ ਜਾਇਦਾਦਾਂ ਨੂੰ ਢਾਹ ਦਿੱਤਾ। ਇਹ ਜਾਇਦਾਦਾਂ ਨਗਰ ਕੌਂਸਲ ਦੀ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ੇ ਕਰਕੇ ਬਣਾਈਆਂ ਗਈਆਂ ਸਨ ਅਤੇ ਇਹਨਾਂ ਦੀ ਉਸਾਰੀ ਲਈ ਡਰੱਗ ਮਨੀ ਦੀ ਵਰਤੋਂ ਕੀਤੀ ਗਈ ਸੀ। ਢਾਹੁਣ ਸਬੰਧੀ ਇਹ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚਾੜੀ ਗਈ ਅਤੇ ਵਿਵਸਥਾ ਬਣਾਈ ਰੱਖਣ ਤੇ ਗੜਬੜੀਆਂ ਨੂੰ ਰੋਕਣ ਲਈ ਲੋੜੀਂਦੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਜਯੋਤੀ ਯਾਦਵ ਨੇ ਇਸ ਕਾਰਵਾਈ ਦੀ ਅਗਵਾਈ ਕੀਤੀ ਅਤੇ ਦੱਸਿਆ ਕਿ ਛੇ ਨਸ਼ਾ ਤਸਕਰਾਂ ਵੱਲੋਂ ਨਾਜਾਇਜ਼ ਕਬਜ਼ਿਆਂ ਬਾਰੇ ਨਗਰ ਕੌਂਸਲ ਤੋਂ ਮਿਲੀਆਂ ਰਿਪੋਰਟਾਂ ਤੋਂ ਬਾਅਦ ਇਹਨਾਂ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ। ਐਸ.ਐਸ.ਪੀ. ਯਾਦਵ ਨੇ ਦੱਸਿਆ ਕਿ ਇਲਾਕੇ ਦੇ ਵੱਡੇ ਨਸ਼ਾ ਤਸਕਰਾਂ ਵਜੋਂ ਜਾਣੇ ਜਾਂਦੇ ਦੋ ਭਰਾਵਾਂ ਅਸਲਮ ਅਤੇ ਸੁਨੀਲ ‘ਤੇ ਪਹਿਲਾਂ ਹੀ ਪੰਜ ਨਸ਼ਿਆਂ ਸਬੰਧੀ ਮਾਮਲੇ ਦਰਜ ਹਨ। ਸੁਨੀਲ ਬਾਬਾ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ, ਜਦੋਂ ਕਿ ਅਸਲਮ ਫਰਾਰ ਹੈ। ਸ਼ਿੰਡੀ, ਮਹਿੰਦਰੋ, ਪੱਪੂ ਅਤੇ ਗੁਲਸ਼ਨ ਸਮੇਤ ਹੋਰ ਨਾਮੀ ਤਸਕਰ ਵੀ ਨਸ਼ਿਆਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਨਾਲ ਸਬੰਧਤ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਪੁਲਿਸ ਟੀਮਾਂ ਫਰਾਰ ਤਸਕਰਾਂ ਨੂੰ ਫੜਨ ਲਈ ਹਰ ਸਮੇਂ ਕਾਰਜਸ਼ੀਲ ਹੈ। ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਖੰਨਾ ਪੁਲਿਸ ਨੇ ਬੁੱਧਵਾਰ ਨੂੰ ਪਾਇਲ ਸਬ-ਡਵੀਜ਼ਨ ਵਿੱਚ ਨਸ਼ਾ ਤਸਕਰਾਂ ਦੀਆਂ ਤਿੰਨ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।