ਪੰਜਾਬ ਬਣਾਇਆ ਖੁੱਲੀ ਜੇਲ੍ਹ, ਪੁਲਿਸ ਨੇ ਰੋਕੀਆਂ ਸੜਕਾਂ!

ਸੰਸਾਰ ਚੰਡੀਗੜ੍ਹ ਪੰਜਾਬ


ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫੜੋ ਫੜੀ ਸ਼ੁਰੂ ਕੀਤੀ ਗਈ, ਉਸਤੋਂ ਇੰਝ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਰੀ ਤਰ੍ਹਾਂ ਬੁਖਲਾ ਗਏ ਹਨ। ਉਹਨਾਂ ਨੇ ਆਪਣੇ ਮਾਪਿਆਂ ਤੇ ਦਾਦਿਆਂ ਵਰਗਿਆਂ ਬੁਜ਼ੁਰਗਾਂ ਦੀ ਮੀਟਿੰਗ ਵਿੱਚ ਬੇਜ਼ਤੀ ਕੀਤੀ। ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਧਰਨਾ ਲਗਾਉਣ ਲਈ ਜਾਣਾ ਸੀ। ਪੰਜਾਬ ਸਰਕਾਰ ਨੇ ਚੰਡੀਗੜ੍ਹ ਨੂੰ ਜਾਣ ਵਾਲੇ ਸਾਰੇ ਹੀ ਰਸਤਿਆਂ ਉਪਰ ਭਾਰੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ। ਹਾਲਾਤ ਇਥੋਂ ਤੱਕ ਗੰਭੀਰ ਰੂਪ ਧਾਰਨ ਕਰ ਗਏ ਸਨ ਕਿ ਪੰਜਾਬ ਦੇ ਹਰ ਸ਼ਹਿਰ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਕਿਸਾਨਾਂ ਨੂੰ ਸੜਕਾਂ ਉੱਪਰ ਚੱਲਣ ਤੋਂ ਰੋਕਣ ਲਈ ਵੱਡੇ ਪੱਧਰ ਟਿੱਪਰ ਖੜ੍ਹੇ ਕੀਤੇ ਗਏ ਸਨ। ਪਿਛਲੀ ਰਾਤ ਤੋਂ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅੱਧੀ ਰਾਤ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਕੁੱਝ ਆਗੂਆਂ ਨੂੰ ਥਾਣਿਆਂ ਵਿੱਚ ਰੱਖਿਆ ਗਿਆ। ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ, ਇਸਨੇ ਜੂਨ ਚੁਰਾਸੀ ਦੇ ਦਿਨਾਂ ਨੂੰ ਯਾਦ ਕਰਵਾ ਦਿੱਤਾ ਸੀ। ਪੰਜਾਬ ਦੀਆਂ ਸੜਕਾਂ ਉੱਤੇ ਬਣੇ ਟੋਲ ਪਲਾਜ਼ਾ ਤੇ ਪਿੰਡਾਂ ਨੂੰ ਖੁਲ੍ਹੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਅੱਜ ਪੰਜਾਬ ਵਿੱਚ ਕਿਸਾਨਾਂ ਨੇ ਨਹੀਂ ਸਗੋਂ ਪੁਲਿਸ ਨੇ ਸੜਕਾਂ ਰੋਕੀਆਂ ਤੇ ਲੋਕਾਂ ਨੂੰ ਬੱਸਾਂ ਵਿਚੋਂ ਕੱਢ ਕੇ ਉਹਨਾਂ ਦੀ ਸ਼ਨਾਖਤ ਕੀਤੀ ਗਈ, ਜਿਵੇਂ ਉਹ ਚੰਡੀਗੜ੍ਹ ਨੂੰ ਲੁੱਟਣ ਜਾ ਰਹੇ ਹੋਣ। ਪੰਜਾਬ ਸਰਕਾਰ ਨੇ ਕਿਸਾਨਾਂ ਤੇ ਆਮ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਤੁਸੀਂ ਗੁਲਾਮ ਹੋ। ਤੁਹਾਡਾ ਇਸ ਦੇਸ਼ ਤੇ ਚੰਡੀਗੜ੍ਹ ਨਾਲ ਕੋਈ ਸਬੰਧ ਨਹੀਂ ਹੈ। ਕੇਂਦਰ ਸਰਕਾਰ ਨੇ ਪੰਜਾਬ ਵਿੱਚ ਭਰਾ ਮਾਰੂ ਜੰਗ ਸ਼ੁਰੂ ਕਰਵਾ ਦਿੱਤੀ ਹੈ। ਕਿਉਂਕਿ ਪੰਜਾਬ ਪੁਲੀਸ ਵਿੱਚ ਪੰਜਾਬ ਦੇ ਹੀ ਧੀਆਂ ਪੁੱਤ ਹਨ। ਜਿਹੜੇ ਆਪਣੇ ਮਾਪਿਆਂ ਵਰਗੇ ਪੰਜਾਬ ਦੇ ਬਜ਼ੁਰਗਾਂ ਨੂੰ ਰੋਕਦੇ ਹੋਏ ਹੱਥੋਪਾਈ ਹੁੰਦੇ ਹਨ। ਕੁੱਝ ਥਾਵਾਂ ਉੱਤੇ ਸਥਿਤੀ ਗੰਭੀਰ ਰੂਪ ਧਾਰਨ ਕਰ ਗਈ ਸੀ। ਪਰ ਪੁਲਿਸ ਦਾ ਸਖ਼ਤ ਰਵਈਆ ਆਉਣ ਵਾਲੇ ਸਮਿਆਂ ਵਿੱਚ ਹੋਰ ਰੂਪ ਧਾਰਨ ਕਰ ਸਕਦਾ ਹੈ। ਪੰਜਾਬ ਫਿਰ ਉਹਨਾਂ ਸਮਿਆਂ ਵੱਲ ਵਧਾਇਆ ਜਾ ਰਿਹਾ ਹੈ ਤਾਂ ਇਸਨੂੰ ਬਦਨਾਮ ਕੀਤਾ ਜਾ ਸਕੇ। ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਭਾਰੀ ਨਾਕਾਬੰਦੀ ਕੀਤੀ ਸੀ। ਇਥੇ ਕਿਸਾਨਾਂ ਦੇ ਉਪਰ ਹਰਿਆਣਾ ਸਰਕਾਰ ਨੇ ਅੱਥਰੂ ਗੈਸ,ਟੀਅਰ ਗੈਸ, ਰਬੜ ਤੇ ਪੱਕੀਆਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਨਾਲ ਸੈਂਕੜੇ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ। ਇਥੇ ਪੱਕੀ ਗੋਲੀ ਨਾਲ ਇੱਕ ਨੌਜਵਾਨ ਸ਼ੁਭ ਕਰਨ ਸਿੰਘ ਦੀ ਮੌਕੇ ਉੱਪਰ ਮੌਤ ਹੋ ਗਈ ਸੀ। ਹਜ਼ਾਰਾਂ ਟ੍ਰੈਕਟਰ ਤੇ ਕਾਰਾਂ ਦਾ ਹਰਿਆਣਾ ਪੁਲਿਸ ਨੇ ਨੁਕਸਾਨ ਕੀਤਾ ਸੀ। ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਪੰਜਾਬ ਭਾਰਤ ਦਾ ਦੁਸ਼ਮਣ ਹੋਵੇ। ਉਸ ਵੇਲੇ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਦੇ ਖਿਲਾਫ ਕੋਈ ਉਜ਼ਰ ਨਹੀਂ ਸੀ ਕੀਤਾ, ਸਗੋਂ ਜ਼ੀਰੋ ਐਫ਼ ਆਈ ਆਰ ਦਰਜ਼ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਸੀ। ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਬੁਰੀ ਤਰ੍ਹਾਂ ਹਾਰੀ ਹੈ, ਉਸ ਦੇ ਵੱਡੇ ਆਗੂ ਪੰਜਾਬ ਵੱਲ ਕੂਚ ਕਰਨ ਲੱਗੇ ਹਨ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਵਿੱਚ ਪੁੱਜੇ ਹਨ, ਉਹਨਾਂ ਨੇ ਦਸ ਦਿਨ ਦਾ ਮੈਡੀਟੇਸਨ ਕਰਨਾ ਹੈ। ਉਸ ਤੋਂ ਬਾਅਦ ਉਹ ਸਿਆਸਤ ਵਿੱਚ ਸਰਗਰਮ ਹੋਣਗੇ। ਉਸ ਦੇ ਨਾਲ ਪੰਜਾਬ ਸਰਕਾਰ ਵਲੋਂ ਇੱਕ ਸੌ ਗੱਡੀਆਂ ਦਾ ਕਾਫਲਾ ਤੁਰਦਾ ਹੈ, ਪੰਜਾਬ ਦਾ ਵੋਟਰ ਝੂਰਦਾ ਹੈ। ਆਪਣੇ ਮੂੰਹ ਤੇ ਚਪੇੜ ਮਾਰਦਾ ਹੈ। ਇਹੋ ਜਿਹਾ ਹੁੰਦਾ ਹੈ ਬਦਲਾਅ ਆਪਣੇ ਆਪ ਨੂੰ ਪੁੱਛਦਾ ਹੈ। ਜਦੋਂ ਤੋਂ ਅਰਵਿੰਦ ਕੇਜਰੀਵਾਲ ਪੰਜਾਬ ਆਇਆ ਹੈ, ਉਸੇ ਦਿਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਖਲਾਹਟ ਵਿੱਚ ਹਨ। ਉਸਨੂੰ ਕੋਈ ਡਰ ਪੈ ਗਿਆ ਹੈ। ਉਸਦੀ ਮਨੋਸਥਿਤੀ ਦਰੁਸਤ ਨਹੀਂ, ਇਸੇ ਲਈ ਉਹ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਪਹਿਲੇ ਦਿਨ ਨਹੀਂ ਪੁਜੇ। ਇਸ ਗੱਲ ਨੂੰ ਲੈਕੇ ਵਿਰੋਧੀ ਪਾਰਟੀਆਂ ਨੇ ਉਹਨਾਂ ਉਪਰ ਸਵਾਲ ਖੜੇ ਕੀਤੇ ਸਨ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਾਓ ਤਾਂ ਉਹ ਸਤਾਈ ਫਸਲਾਂ ਉਪਰ ਐਮ ਐਸ ਪੀ ਦੇਣਗੇ, ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਨਗੇ, ਰੇਤ ਬਜਰੀ ਤੇ ਹੋਰ ਹਰ ਤਰ੍ਹਾਂ ਦੇ ਮਾਫ਼ੀਏ ਨੂੰ ਖਤਮ ਕਰਨਗੇ। ਹੁਣ ਆਪ ਦੀ ਸਰਕਾਰ ਬਣਿਆ ਤਿੰਨ ਸਾਲ ਬੀਤ ਗਏ ਹਨ। ਅਜੇ ਤੱਕ ਪੰਜਾਬ ਸਰਕਾਰ ਨੇ ਲੋਕਾਂ ਦੇ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਸਗੋਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਜਿਸ ਤਰ੍ਹਾਂ ਦੀ ਅਫਰਾ ਤਫਰੀ ਮੱਚੀ ਹੋਈ ਹੈ,ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਾ ਹੋਵੇ। ਜਿਹੜੇ ਕਹਿੰਦੇ ਸੀ ਕਿ ਉਹ ਕਿਸਾਨਾਂ ਦੀਆਂ ਫਸਲਾਂ ਚੁਕਣਗੇ, ਉਹ ਹੁਣ ਕਿਸਾਨਾਂ ਨੂੰ ਚੁੱਕਦੇ ਫਿਰਦੇ ਹਨ। ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰਨ ਲਈ ਮਜਬੂਰ ਹਨ। ਹੁਣ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਖ਼ਤਮ ਕਰਨ ਦਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਪੁਲਿਸ ਨੂੰ ਪੰਜਾਬ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨਿੱਕੇ ਨਿੱਕੇ ਪ੍ਰਚੂਨ ਦਾ ਵਪਾਰ ਕਰਨ ਜਾਂ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਗਿਰਫਤਾਰ ਕਰਕੇ ਉਹਨਾਂ ਦੇ ਮਕਾਨ ਢਾਹੁਣ ਲੱਗੀ ਹੈ। ਪੰਜਾਬ ਸਰਕਾਰ ਨੇ ਵੱਡੇ ਮਗਰਮੱਛਾਂ ਵੱਲ ਮੂੰਹ ਨਹੀਂ ਕੀਤਾ। ਬਹੁਤ ਸਾਰੇ ਪੁਲਿਸ ਅਧਿਕਾਰੀ, ਸਿਆਸਤਦਾਨ ਤੇ ਨਸ਼ਿਆਂ ਦੇ ਵੱਡੇ ਵਪਾਰੀਆਂ ਨੂੰ ਸਰਕਾਰ ਵਲੋਂ ਸੁਰੱਖਿਆ ਦਿੱਤੀ ਹੋਈ ਹੈ। ਡਰਗ ਮਾਮਲੇ ਵਿੱਚ ਜ਼ਮਾਨਤ ਉਤੇ ਆਏ ਬਿਕਰਮ ਸਿੰਘ ਮਜੀਠੀਆ ਨੂੰ 58 ਪੁਲਿਸ ਕਰਮਚਾਰੀ ਤੇ ਜੈਡ ਸੁਰੱਖਿਆ ਦਿੱਤੀ ਹੋਈ ਹੈ। ਹੁਣ ਮਾਣਯੋਗ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ 17 ਮਾਰਚ ਨੂੰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਇਧਰ ਮਾਲ ਵਿਭਾਗ ਦੇ ਤਹਿਸੀਲਦਾਰਾਂ ਨੇ ਸ਼ੁਕਰਵਾਰ ਤੱਕ ਹੜਤਾਲ ਕਰ ਦਿੱਤੀ ਹੈ। ਭਾਵੇਂ ਪੰਜਾਬ ਸਰਕਾਰ ਨੇ ਤੇਰਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਲੋਕਾਂ ਵਿਚ ਸਰਕਾਰ ਪ੍ਰਤੀ ਹਮਦਰਦੀ ਦੀ ਵਜਾਏ ਨਫ਼ਰਤ ਵਧੀ ਹੈ। ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਵਕੀਲ ਹੜਤਾਲ ਕਰ ਗਏ ਹਨ, ਅਗਲੇ ਦਿਨਾਂ ਵਿੱਚ ਇਹ ਅੱਗ ਪੂਰੇ ਪੰਜਾਬ ਵਿੱਚ ਪੁੱਜ ਸਕਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਇਹ ਲੋਕਾਂ ਨੂੰ ਭਰਮਾਉਣ ਲਈ ਪਾਰਦਰਸ਼ੀ ਪ੍ਰਸ਼ਾਸ਼ਨ ਦੇਣ ਦਾ ਵਾਅਦਾ ਕਰਦੇ ਸਨ, ਪਰ ਪੰਜਾਬ ਵਿਚ ਅਨਾਰ ਕੀ ਫ਼ੈਲ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਰੇਆਮ ਟਰੱਕ ਯੂਨੀਅਨ ਦੀ ਪ੍ਰਧਾਨਗੀ ਵੇਚੀ ਰਹੇ ਹਨ। ਰਾਮਪੁਰਾਫੂਲ ਦਾ ਵਿਧਾਇਕ ਆਪਣੇ ਵਰਕਰਾਂ ਦੀਆਂ ਪਤਨੀਆਂ ਨੂੰ ਬੁਰਾ ਭਲਾ ਬੋਲਦਾ ਹੈ। ਪੱਤਰਕਾਰਾਂ ਉਪਰ ਪਰਚੇ ਦਰਜ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਕੇਂਦਰ ਸਰਕਾਰ ਲੋਕਾਂ ਦੀ ਆਵਾਜ਼ ਨੂੰ ਕੁਚਲਣ ਲੱਗੀ ਹੋਈ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਕਰ ਰਹੀ ਹੈ। ਪਰ ਪੰਜਾਬ ਦੇ ਲੋਕ ਨਾਬਰੀ ਸੁਭਾਅ ਦੇ ਮਾਲਕ ਹਨ, ਇਹਨਾਂ ਨੇ ਸਦੀਆਂ ਤੋਂ ਅਜਿਹੇ ਹਾਕਮਾਂ ਦੇ ਨੱਕ ਭੰਨੇ ਹਨ। ਚਾਹੀਦਾ ਤਾਂ ਇਹ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਸੁਖਾਵੇਂ ਸਬੰਧ ਬਣਾਉਣ ਲਈ ਉਹਨਾਂ ਨਾਲ ਰਾਬਤਾ ਕਾਇਮ ਕਰੇ। ਟਕਰਾਅ ਦੀ ਸਥਿਤੀ ਪੰਜਾਬ ਦੇ ਹਲਾਤ ਖਰਾਬ ਕਰ ਸਕਦੀ ਹੈ। ਅਗਲੇ ਦਿਨਾਂ ਵਿੱਚ ਪੰਜਾਬ ਸਰਕਾਰ ਨੂੰ ਜ਼ਰੂਰ ਕੋਈ ਪਹਿਲ ਕਦਮੀ ਕਰਕੇ ਕਿਸਾਨਾਂ ਨੂੰ ਗੱਲਬਾਤ ਲਈ ਸਮਾਂ ਦੇਵੇ। ਭਾਵੇਂ ਕਿਸਾਨਾਂ ਨੇ ਮੋਰਚਾ ਮੁਅੱਤਲ ਕਰ ਦਿੱਤਾ ਹੈ ਪਰ ਉਹ ਸਵਾਲ ਅਜੇ ਵੀ ਖੜ੍ਹੇ ਹਨ, ਜਿਹਨਾਂ ਦੇ ਜਵਾਬ ਸਰਕਾਰਾਂ ਨੂੰ ਇੱਕ ਦਿਨ ਦੇਣੇ ਪੈਣਗੇ। ਪੰਜਾਬ ਨੂੰ ਬਹੁਤੀ ਦੇਰ ਦਬਾਇਆ ਨਹੀਂ ਜਾ ਸਕਦਾ। ਪੰਜਾਬ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਇੱਕ ਦਿਨ ਧਮਾਕਾ ਹੋਵੇਗਾ। ਜੋਂ ਸਭ ਦਾ ਨੁਕਸਾਨ ਕਰੇਗਾ। ਇਸ ਤੋਂ ਬਚਣ ਦੀ ਲੋੜ ਹੈ। ਪਰ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ, ਇੰਝ ਕਰ। ਕਿਸਾਨਾਂ ਨੇ ਦੇਸ਼ ਦੇ ਭੰਡਾਰ ਭਰਦਿਆਂ ਆਪਣਾ ਝੁੱਗਾ ਚੌੜ ਕਰਵਾ ਲਿਆ ਹੈ। ਪੰਜਾਬ ਦਾ ਪੌਣ ਪਾਣੀ ਤੇ ਸਮਾਜ ਗੰਧਲਾ ਕਰ ਲਿਆ ਹੈ। ਨਸ਼ਿਆਂ ਦੀ ਦਲਦਲ ਵਿੱਚ ਪੰਜਾਬ ਨੂੰ ਫਸਾ ਕੇ ਹੁਣ ਬੁਲਡੋਜ਼ਰਾਂ ਨਾਲ ਸਫ਼ਾਈ ਕਰਨ ਲਈ ਸਰਕਾਰ ਪੱਬਾਂ ਭਾਰ ਹੋਈ ਪਈ ਹੈ। ਕੀ ਬਣੇਗਾ ਪੰਜਾਬ ਸਿਆਂ ਤੇਰਾ? ਸੰਭਲੋ ਪੰਜਾਬੀਓ ਅਕਲ ਨੂੰ ਹੱਥ ਮਾਰੋ, ਦੂਜਿਆਂ ਦੇ ਹੱਥਾਂ ਵਿੱਚ ਨਾ ਖੇਡੋ। ਭਗਵੰਤ ਸਿੰਘ ਮਾਨ ਜੀ ਇਹ ਸ਼ਕਤੀਆਂ ਸਦਾ ਨਹੀਂ ਰਹਿੰਦੀਆਂ। ਅਗਲਿਆਂ ਪੱਚੀ ਸਾਲ ਰਾਜ ਕਰਨ ਦੇ ਸੁਪਨੇ ਲੈਣ ਵਾਲਿਆਂ ਨੂੰ ਦਿਨੇ ਸੁਪਨੇ ਵਿਖਾ ਦਿੱਤੇ ਹਨ। ਹਾਂ ਜੇ ਪੰਜਾਬ ਨੂੰ ਲੁਟਣ ਵਾਲੇ ਮੱਗਰਮੱਛਾਂ ਨੂੰ ਤੂੰ ਵਾਹਣੀਂ ਪਾ ਲਵੇ ਤਾਂ ਪੰਜਾਬ ਤੇਰੇ ਬਾਰੇ ਸੋਚ ਸਕਦਾ ਹੈ। ਨਹੀਂ ਸਮਝ ਲਵੋ ਕਿ ਦਿੱਲੀ ਵਾਲਿਆਂ ਨਾਲੋਂ ਵੀ ਤੁਹਾਡੀ ਹਾਲਤ ਤਰਸਯੋਗ ਬਣਾ ਦੇਣਗੇ ਪੰਜਾਬ ਦੇ ਲੋਕ। ਪੰਜਾਬ ਦੇ ਅੱਕੇ ਹੋਏ ਹਨ, ਉਹਨਾਂ ਨੂੰ ਹੁਣ ਆਰਪਾਰ ਦੀ ਜੰਗ ਲੜਣੀ ਪੈਣੀ ਹੈ। ਉਂਝ ਲੜਿਆ ਹੁਣ ਸਰਨਾ ਵੀ ਨਹੀਂ। ਬਹੁਤ ਤਸ਼ੱਸਦ ਸਹਿ ਲਿਆ ਹੈ, ਹੁਣ ਹੋਰ ਜਰਿਆ ਨਹੀਂ ਜਾ ਸਕਦਾ। ਕਿਉਂ ਪੰਜਾਬ ਸਿਆਂ ਕੀ ਖਿਆਲ ਹੈ?


ਬੁੱਧ ਸਿੰਘ ਨੀਲੋਂ 
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।