ਬਠਿੰਡਾ, 6 ਮਾਰਚ, ਬੋਲੇ ਪੰਜਾਬ ਬਿਊਰੋ ;
ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ 2 ਗਰੁੱਪਾਂ ਵਿਚਕਾਰ ਝਗੜਾ ਹੋ ਗਿਆ, ਜਿਸ ਵਿੱਚ 1 ਕੈਦੀ ਗੰਭੀਰ ਢੰਗ ਨਾਲ ਜ਼ਖ਼ਮੀ ਹੋ ਗਿਆ।ਜ਼ਖ਼ਮੀ ਦੀ ਪਛਾਣ ਗੁਰਪਰੀਤ ਸਿੰਘ ਵਜੋਂ ਹੋਈ, ਜੋ ਕਿ ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। ਹਮਲਾਵਰ ਕੈਦੀਆਂ ਨੇ ਉਸ ’ਤੇ ਲੋਹੇ ਦੀ ਰੌਡ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੇ ਸਿਰ ਅਤੇ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ।
ਗੁਰਪਰੀਤ ਸਿੰਘ ਨੇ ਦੱਸਿਆ ਕਿ ਲਗਭਗ ਅੱਧਾ ਦਰਜਨ ਕੈਦੀਆਂ ਨੇ ਉਸ ’ਤੇ ਪਿੱਛੋਂ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਇਕੱਲਾ ਸੀ, ਜਦਕਿ ਹਮਲਾਵਰ 5-6 ਸੀ। ਕਿਸੇ ਨੇ ਵੀ ਉਸ ਨੂੰ ਨਹੀਂ ਬਚਾਇਆ। ਗੰਭੀਰ ਹਾਲਤ ਵਿੱਚ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਜ਼ਖ਼ਮੀ ਕੈਦੀ ਦੇ ਪਿਤਾ, ਸੁਰਜੀਤ ਸਿੰਘ, ਜੋ ਖੁਦ ਵੀ ਪਹਿਲਾਂ ਬਠਿੰਡਾ ਜੇਲ੍ਹ ਵਿੱਚ ਸਜ਼ਾ ਕੱਟ ਚੁੱਕੇ ਹਨ, ਉਨ੍ਹਾਂ ਨੇ ਦੱਸਿਆ ਕਿ ਕੈਦੀ ਜੇਲ੍ਹ ਦੇ ਅੰਦਰ ਹੀ ਹਥਿਆਰ ਤਿਆਰ ਕਰ ਲੈਂਦੇ ਹਨ। ਉਨ੍ਹਾਂ ਅਨੁਸਾਰ, ਜੇਲ੍ਹ ਦੇ ਬਾਥਰੂਮ ਅਤੇ ਖਿੜਕੀਆਂ ਵਿੱਚ ਲੱਗੀ ਲੋਹੇ ਦੀ ਗ੍ਰਿੱਲ ਜਦੋਂ ਖਰਾਬ ਹੋ ਜਾਂਦੀ ਹੈ, ਤਾਂ ਕੈਦੀ ਉਨ੍ਹਾਂ ਨੂੰ ਉਖਾੜ ਕੇ ਤੇਜ਼ਧਾਰ ਹਥਿਆਰ ਬਣਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਕੰਬਲ ਵਿੱਚ ਲੁਕਾ ਲੈਂਦੇ ਹਨ।
ਦੂਜੇ ਪਾਸੇ, ਇਸ ਮਾਮਲੇ ਵਿੱਚ ਅਜੇ ਤੱਕ ਜੇਲ੍ਹ ਪ੍ਰਸ਼ਾਸਨ ਜਾਂ ਪੁਲਿਸ ਵਲੋਂ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ। ਜ਼ਖ਼ਮੀ ਕੈਦੀ ਗੁਰਪਰੀਤ ਨੇ ਹਮਲਾਵਰਾਂ ਵਿੱਚੋਂ ਇੱਕ ਦਾ ਨਾਮ ਰਿਤਿਨ ਦੱਸਿਆ, ਪਰ ਬਾਕੀਆਂ ਦੀ ਪਛਾਣ ਨਹੀਂ ਹੋ ਸਕੀ।
