ਬਟਾਲਾ, 5 ਮਾਰਚ,ਬੋਲੇ ਪੰਜਾਬ ਬਿਊਰੋ :
ਬੀਤੀ ਦੇਰ ਸ਼ਾਮ ਕੰਮ ਤੋਂ ਪਰਤ ਰਹੇ ਦੋ ਪਰਵਾਸੀ ਮਜ਼ਦੂਰਾਂ ਨੂੰ ਲੁਟੇਰਿਆਂ ਨੇ ਘੇਰ ਲਿਆ।ਜਦ ਉਨ੍ਹਾਂ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਹਨਾਂ ਤੇ ਗੋਲ਼ੀ ਚਲਾ ਦਿੱਤੀ, ਜਿਸ ਦੌਰਾਨ ਇੱਕ ਪਰਵਾਸੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ, ਜਦ ਕਿ ਦੂਸਰਾ ਜ਼ਖ਼ਮੀ ਹੋ ਗਿਆ ਹੈ।
ਘਟਨਾ ਤੋਂ ਬਾਅਦ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਘੁਮਾਣ ਦੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ‘ਚ ਰਖਵਾ ਦਿੱਤਾ ਹੈ। ਮਿਰਤਕ ਵਿਅਕਤੀ ਦੀ ਪਛਾਣ ਰਾਮਜੀਵਨ ਸ਼ੁਕਲਾ ਪੁੱਤਰ ਮੂਲ ਚੰਦ ਵਾਸੀ ਲਖਨਪੁਰ ਯੂਪੀ ਵਜੋਂ ਹੋਈ ਹੈ। ਰਾਮਜੀਵਨ ਰਾਣਾ ਸ਼ੂਗਰ ਮਿਲ ‘ਚ ਕੰਮ ਕਰਦਾ ਹੈ। ਲੁਟੇਰੇ ਮੋਬਾਈਲ ਫ਼ੋਨ ਅਤੇ ਪਰਸ ਖੋਹਕੇ ਫ਼ਰਾਰ ਹੋ ਗਏ ਹਨ।
ਇਸ ਸਬੰਧੀ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਘੁਮਾਣ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਾਮਜੀਵਨ ਸ਼ੁਕਲਾ ਜੋ ਕਿ ਉੱਤਰ ਪ੍ਰਦੇਸ਼ ਦੇ ਲਖਨਪੁਰ ਦਾ ਰਹਿਣ ਵਾਲਾ ਸੀ ਅਤੇ ਦਿਨੇਸ਼ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਸੀ, ਦੋਵੇਂ ਸ਼ਾਮ ਨੂੰ ਰਾਣਾ ਸ਼ੂਗਰ ਮਿੱਲ ਤੋਂ ਛੁੱਟੀ ਕਰਕੇ ਆਪਣੇ ਮੋਟਰਸਾਈਕਲ ’ਤੇ ਟਕਾਪੁਰ ਤੋਂ ਬੋਲੇਵਾਲ ਤੇ ਮਹਿਮਦਪੁਰ ਵੱਲ ਜਾ ਰਹੇ ਸਨ। ਜਦੋਂ ਉਹ ਬੋਲੇਵਾਲ ਤੋਂ ਮਹਿਮਦਪੁਰ ਨੂੰ ਜਾਂਦੀ ਸੜਕ ‘ਤੇ ਪਹੁੰਚੇ ਤਾਂ ਉਨ੍ਹਾਂ ਦਾ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਆਪਣਾ ਮੋਟਰਸਾਈਕਲ ਉਹਨਾਂ ਦੇ ਅੱਗੇ ਕਰਕੇ ਉਹਨਾਂ ਨੂੰ ਰੋਕ ਲਿਆ। ਜਦੋਂ ਦਿਨੇਸ਼ ਅਤੇ ਰਾਮਜੀਵਨ ਸ਼ੁਕਲਾ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ‘ਤੇ ਪਿਸਤੌਲ ਕੱਢ ਦੋ ਗੋਲ਼ੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਸ਼ੁਕਲਾ ਦੇ ਮੋਢੇ ‘ਤੇ ਲੱਗੀ।
ਇਸ ਦੌਰਾਨ ਲੁਟੇਰਿਆਂ ਨੇ ਦੋਵਾਂ ਕੋਲੋਂ ਦੋ ਮੋਬਾਈਲ ਫੋਨ ਅਤੇ ਦੋ ਪਰਸ ਖੋਹ ਲਏ ਅਤੇ ਫ਼ਰਾਰ ਹੋ ਗਏ। ਇਸ ਦੌਰਾਨ ਜ਼ਖ਼ਮੀ ਦਿਨੇਸ਼ ਰਾਣਾ ਸ਼ੂਗਰ ਮਿੱਲ ਗਿਆ, ਜਿੱਥੋਂ ਉਹ ਮਿੱਲ ਦੇ ਹੋਰ ਮੁਲਾਜ਼ਮਾਂ ਨੂੰ ਲੈ ਕੇ ਆਇਆ ਅਤੇ ਜ਼ਖ਼ਮੀ ਰਾਮਜੀਵਨ ਸ਼ੁਕਲਾ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
