ਚੰਡੀਗੜ੍ਹ/ਜਲਾਲਾਬਾਦ, 4 ਮਾਰਚ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਕਿਸਾਨਾਂ ਨੂੰ ਅੱਜ 28 ਕਰੋੜ ਦਾ ਤੋਹਫਾ ਦਿੰਦਿਆਂ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਇਕ ਨਵੀਂ ਨਹਿਰ ਲੋਕ ਸਮਰਪਿਤ ਕੀਤੀ ਗਈ ਜਦੋਂ ਕਿ ਇੱਕ ਹੋਰ ਨਹਿਰ ਦੇ ਨਿਰਮਾਣ ਦਾ ਨੀਹ ਪੱਥਰ ਰੱਖਿਆ ਗਿਆ।
ਇਸ ਮੌਕੇ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਹਾਜ਼ਰ ਰਹੇ ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੁਹੇਲੇ ਵਾਲਾ ਰਜਬਾਹਾ ਮੇਨ ਬਰਾਂਚ ਵਿੱਚੋਂ ਨਿਕਲਣ ਵਾਲੀ ਨਹਿਰ ਹੈ ਜਿਸ ਦੀ ਪਹਿਲਾਂ ਸਮਰੱਥਾ 11.55 ਕਿਉਸਿਕ ਸੀ ਅਤੇ ਹੁਣ ਇਸ ਦੀ ਸਮਰੱਥਾ ਵਧਾ ਕੇ 36.35 ਕਿਊਸਿਕ ਕਰ ਦਿੱਤੀ ਗਈ ਹੈ । ਇਸ ਦੀ ਪਹਿਲਾਂ ਲੰਬਾਈ 3.33 ਕਿਲੋਮੀਟਰ ਸੀ ਜਿਸ ਨੂੰ ਵਧਾ ਕੇ 13.96 ਕਿਲੋਮੀਟਰ ਕਰ ਦਿੱਤਾ ਗਿਆ। ਇਹ ਪ੍ਰੋਜੈਕਟ 40 ਸਾਲਾਂ ਤੋਂ ਅਟਕਿਆ ਪਿਆ ਸੀ ਅਤੇ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਦੀ ਇਸ ਵੱਡੀ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਸ ਨਹਿਰ ਦਾ ਨਿਰਮਾਣ ਮੁਕੰਮਲ ਕਰਵਾਇਆ ਹੈ। ਇਸ ਨਾਲ 9 ਪਿੰਡਾਂ ਦੀ 5500 ਏਕੜ ਜਮੀਨ ਦੀ ਸਿੰਚਾਈ ਹੋਵੇਗੀ ਅਤੇ ਇਸ ਰਜਵਾਹੇ ਨਾਲ ਪਿੰਡ ਚੱਕ ਸੁਹੇਲੇ ਵਾਲਾ, ਚੱਕ ਜਾਨੀਸਰ, ਲੱਧੂ ਵਾਲਾ ਉਤਾੜ, ਚੱਕ ਢਾਬ ਖੁਸ਼ਹਾਲ ਜੋਹੀਆ, ਚੱਕ ਪੰਜ ਕੋਹੀ, ਚੱਕ ਕਬਰ ਵਾਲਾ, ਚੱਕ ਗੁਲਾਮ ਰਸੂਲ ਵਾਲਾ, ਚੱਕ ਬਲੋਚਾਂ ਅਤੇ ਬਾਹਮਣੀ ਵਾਲਾ ਦੇ ਕਿਸਾਨਾਂ ਨੂੰ ਪਾਣੀ ਮਿਲੇਗਾ । ਇਸ ਨਹਿਰ ਦੇ ਨਿਰਮਾਣ ਦੇ ਨਾਲ ਨਾਲ ਹੀ ਇਸ ਦੇ ਰਸਤੇ ਪੈਂਦੇ ਪੁਲਾਂ, ਸਾਈਫਨਾਂ, ਝਾਲਾਂ, ਹੈਡ ਰੈਗੂਲੇਟਰ ਅਤੇ ਨਹਿਰੀ ਖਾਲਿਆਂ ਦੀ ਕਰਾਸਿੰਗ ਉੱਪਰ ਅੰਡਰਗਰਾਊਂਡ ਪਾਈਪਲਾਈਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਿਰਮਾਣ ਤੇ ਪੰਜਾਬ ਸਰਕਾਰ ਵੱਲੋਂ 23.06 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਵੱਲੋਂ ਪਿੰਡ ਟਾਹਲੀਵਾਲਾ ਬੋਦਲਾ ਵਿਖੇ ਚੌਧਰੀ ਮਾਈਨਰ ਦੇ ਨਿਰਮਾਣ ਦੇ ਕੰਮ ਦਾ ਨੀਹ ਪੱਥਰ ਰੱਖਿਆ ਗਿਆ। ਇਹ ਮਾਈਨਰ ਸਾਲ 1969 ਤੋਂ ਬੰਦ ਪਈ ਸੀ ਇਸ ਦੀ ਕੁੱਲ ਲੰਬਾਈ 5 ਕਿਲੋਮੀਟਰ ਹੋਵੇਗੀ ਅਤੇ ਇਸ ਦੀ ਸਮਰੱਥਾ 18.26 ਕਿਉਸਿਕ ਹੋਵੇਗੀ । ਇਸ ਨਹਿਰ ਦੇ ਨਿਰਮਾਣ ਨਾਲ ਪਿੰਡ ਘਟਿਆਵਾਲੀ ਜੱਟਾਂ, ਘੱਟਿਆਂਵਾਲੀ ਬੋਦਲਾਂ, ਚਾਹਲਾਂ, ਟਾਹਲੀ ਵਾਲਾ ਬੋਦਲਾ, ਸਿੰਘਪੁਰਾ ਤੇ ਇਸਲਾਮ ਵਾਲਾ ਨੂੰ ਫਾਇਦਾ ਹੋਵੇਗਾ ਅਤੇ ਇਸ ਨਾਲ 2743 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲ ਸਕੇਗਾ। ਇਸ ਦੇ ਨਿਰਮਾਣ ਤੇ ਸਰਕਾਰ ਵੱਲੋਂ 5.18 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਲਈ ਸਿੰਚਾਈ ਦੇ ਪਾਣੀ ਦੇ ਨਾਂ ਤੇ ਰਾਜਨੀਤੀ ਤਾਂ ਕੀਤੀ ਗਈ ਪਰ ਕਿਸਾਨਾਂ ਤੱਕ ਪਾਣੀ ਪੁੱਜੇ ਇਸ ਲਈ ਉਪਰਾਲੇ ਨਹੀਂ ਕੀਤੇ ਗਏ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਨਾਂ ਆਖਿਆ ਕਿ ਜਦੋਂ ਖੇਤਾਂ ਤੱਕ ਨਹਿਰੀ ਪਾਣੀ ਪਹੁੰਚੇਗਾ ਤਾਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ।।ਉਨਾਂ ਨੇ ਕਿਹਾ ਸਾਰੇ ਖਾਲ ਵੀ ਪੱਕੇ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਜਲਾਲਾਬਾਦ ਹਲਕੇ ਦੇ ਅਰਨੀਵਾਲਾ ਖੇਤਰ ਵਿੱਚ 27 ਕਰੋੜ ਤੋਂ ਵੱਧ ਰੁਪਏ ਨਾਲ ਸੇਮ ਖਤਮ ਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ ਅਤੇ ਦੋ ਸਾਲ ਵਿੱਚ 29 ਪਿੰਡਾਂ ਵਿੱਚੋਂ ਸੇਮ ਖਤਮ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਕੈਬਨਿਟ ਮੰਤਰੀ ਦਾ ਸਵਾਗਤ ਕਰਨ ਤੋਂ ਬਾਅਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕ ਹਿਤ ਵਿੱਚ ਲਗਾਤਾਰ ਉਪਰਾਲੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦਹਾਕਿਆਂ ਤੋਂ ਅਟਕੇ ਹੋਏ ਪ੍ਰੋਜੈਕਟ ਇਸ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰ ਰਹੀ। ਵਿਧਾਇਕ ਨੇ ਕਿਹਾ ਕਿ ਇਸ ਨਹਿਰ ਲਈ ਲੋਕ ਚਾਰ ਦਹਾਕਿਆਂ ਤੋਂ ਤਰਸ ਰਹੇ ਸੀ ਅਤੇ ਇਸ ਨੂੰ ਬਣਾ ਸਰਕਾਰ ਨੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਕਰ ਦਿੱਤੀ ਹੈ। ਉਨਾਂ ਨੇ ਇਸ ਨਹਿਰ ਬਣਾਉਣ ਦੇ ਸੰਘਰਸ਼ ਲਈ ਲੜਾਈ ਲੜਨ ਵਾਲੇ ਸਮੂਹ ਲੋਕਾਂ ਨੂੰ ਵੀ ਇਸ ਮੌਕੇ ਯਾਦ ਕੀਤਾ ।
ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ, ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ, ਜ਼ਿਲਾ ਪ੍ਰਧਾਨ ਸੁਨੀਲ ਸਚਦੇਵਾ, ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ ਅਤੇ ਸ਼ੇਰਬਾਜ ਸਿੰਘ ਸੰਧੂ, ਮਨਜਿੰਦਰ ਸਿੰਘ ਸਾਜਨ ਖੇੜਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸ ਪੀ ਵਰਿੰਦਰ ਸਿੰਘ ਬਰਾੜ,ਐਸਡੀਐਮ ਕੰਵਰ ਜੀਤ ਸਿੰਘ ਮਾਨ, ਨਿਗਰਾਨ ਇੰਜੀਨੀਅਰ ਸ੍ਰੀ ਸੰਦੀਪ ਗੋਇਲ , ਕਾਰਜਕਾਰੀ ਇੰਜਨੀਅਰ ਬਲਵਿੰਦਰ ਕੰਬੋਜ਼, ਮੰਡਲ ਭੂਮੀ ਰੱਖਿਆ ਅਫਸਰ, ਗੁਰਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਆਗੂ ਪੂਜਾ ਲੂਥਰਾ ਅਮਰੀਕ ਸਿੰਘ ਸਰਪੰਚ ਮੌਲਵੀ ਵਾਲਾ,ਗੁਰਮੀਤ ਸਿੰਘ ਸੰਧੂ,ਰਵਿੰਦਰ ਸਿੰਘ, ਬੂਟਾ ਸਿੰਘ, ਮਨਪ੍ਰੀਤ ਸਿੰਘ, ਸੋਨੂੰ ਸਰਪੰਚ ਲੋਖੋਵਾਲੀ , ਹਰੀਸ਼ ਸੇਤੀਆ, ਪ੍ਰਦੀਪ ਚੁੱਘ ਹਾਜ਼ਰ ਸਨ।
687 ਕਰੋੜ ਰੁਪਏ ਨਾਲ ਬਣੇਗੀ ਫਿਰੋਜ਼ਪੁਰ ਫੀਡਰ ਨਹਿਰ
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 687 ਕਰੋੜ ਰੁਪਏ ਨਾਲ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਤੋਂ ਇਹ ਪ੍ਰੋਜੈਕਟ ਪਾਸ ਹੁੰਦੇ ਹੀ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਨਾਲ ਹਰੀਕੇ ਪੱਤਣ ਤੋਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਕਿਸਾਨਾਂ ਨੂੰ ਭਰਪੂਰ ਪਾਣੀ ਮਿਲੇਗਾ। ਉਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕੁੱਲ ਉਪਲਬਧ ਪਾਣੀ ਦੀ 68 ਫੀਸਦੀ ਵਰਤੋਂ ਖੇਤੀ ਲਈ ਕੀਤੀ ਜਾ ਰਹੀ ਸੀ ਪਰ ਵਰਤਮਾਨ ਸਰਕਾਰ ਨੇ ਇਸ ਆਂਕੜੇ ਨੂੰ 84 ਫੀਸਦੀ ਤੱਕ ਵਧਾ ਲਿਆ ਹੈ।।