ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਬੰਦ ਕਰੋ
ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ
ਮਾਨਸਾ 4 ਮਾਰਚ,ਬੋਲੇ ਪੰਜਾਬ ਬਿਊਰੋ;
ਅੱਜ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਮੀਟਿੰਗ ਵਿੱਚ ਕਰਨ ਉਪਰੰਤ ਖੱਬੇ ਪੱਖੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮਾਰਚ ਨੂੰ ਚੰਡੀਗੜ੍ਹ ਵਿੱਚ ਲਾਏ ਜਾ ਰਹੇ ਮੋਰਚੇ ਨੂੰ ਫੇਲ ਕਰਨ ਲਈ ਮੋਰਚੇ ਦੇ ਆਗੂਆਂ ਦੀਆਂ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਗਿਰਫਤਾਰੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁਖਲਾਹਟ ਵਿੱਚ ਆ ਕਿ ਜਨਤਾ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੇ ਹਨ।ਇਸ ਸੰਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ,ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁਖਚਰਨ ਸਿੰਘ ਦਾਨੇਵਾਲੀਆ,ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਰਿੰਦਰਪਾਲ ਸ਼ਰਮਾ,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ (ਪੰਜਾਬ) ਵੱਲੋਂ ਸੁਖਜੀਤ ਸਿੰਘ ਰਾਮਾਨੰਦੀ,ਲਿਬਰੇਸ਼ਨ ਦੇ ਕੇਂਦਰੀ ਕੰਟਰੋਲ ਕਮਿਸ਼ਨ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ,ਸੀ ਪੀ ਆਈ ਵੱਲੋਂ ਪ੍ਰੇਮ ਭੋਲਾ,ਕਾਮਰੇਡ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਨੂੰ ਕੇਦਰ ਸਰਕਾਰ ਵਿਰੁੱਧ ਮੋਰਚੇ ਲਾਉਣ ਨੂੰ ਤਾਂ ਉਕਸਾਉਦਾ ਹੈ ਪਰ ਆਪਣੀ ਸਰਕਾਰ ਨਾਲ ਸੰਬੰਧਿਤ ਮੁੱਦਿਆਂ ਦੇ ਸੁਆਲ ਉੱਪਰ ਕਿਸਾਨਾਂ ਅਤੇ ਹੋਰ ਵਰਗਾਂ ਦੇ ਸੰਘਰਸ਼ ਨੂੰ ਪੁਲਿਸ ਦੀ ਦੁਰਵਰਤੋਂ ਕਰਕੇ ਕੁਚਲਿਆ ਜਾ ਰਿਹਾ ਹੈ।ਭਗਵੰਤ ਮਾਨ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਦਾਅਵਿਆਂ ਅਤੇ ਮੌਜੂਦਾ ਅਮਲ ਤੋਂ 180 ਦਰਜੇ ਦੇ ਕੋਨ ਤੇ ਘੁੰਮ ਚੁੱਕੀ ਹੈ,ਇਸ ਲੋਕ ਰੋਹ ਦਾ ਸਿਆਸੀ ਖਮਿਆਜਾ ਮਾਨ ਸਰਕਾਰ ਨੂੰ ਲਾਜਮੀ ਭੁਗਤਣਾ ਪਵੇਗਾ। ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਗਿਰਫਤਾਰ ਕੀਤੇ ਕਿਸਾਨਾਂ ਨੂੰ ਫੌਰੀ ਰਿਹਾ ਕਰਕੇ ਉਹਨਾਂ ਦੇ ਮਸਲਿਆਂ ਉੱਪਰ ਗੱਲਬਾਤ ਕਰੇ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਮੁਤਾਬਿਕ ਸੋਧਾਂ ਕਰਕੇ ਪੰਜਾਬ ਰਾਜ ਖੇਤੀਬਾੜੀ ਨੀਤੀ 2023 ਨੂੰ ਲਾਗੂ ਕੀਤਾ ਜਾਵੇ।