ਰਾਜਪੁਰਾ, 4 ਮਾਰਚ ,ਬੋਲੇ ਪੰਜਾਬ ਬਿਊਰੋ :
ਆਈਡੀਬੀਆਈ ਬੈਂਕ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਚਾਰ ਸਰਕਾਰੀ ਸਕੂਲਾਂ ਨੂੰ ਲੋੜੀਂਦਾ ਸਮਾਨ ਪ੍ਰਦਾਨ ਕੀਤਾ ਡੀਜੀਐਮ ਵਿਸ਼ਾਲ ਗਲਹੋਤਰਾ, ਬੈਂਕ ਮੈਨੇਜਰ ਯੋਗੇਸ਼ ਛਾਬੜਾ ਅਤੇ ਡਿਪਟੀ ਮੈਨੇਜਰ ਅੰਕੁਸ਼ ਕੁਮਾਰ ਨੇ ਦਿੱਤਾ। ਇਹ ਸਮਾਨ, ਜਿਸ ਦੀ ਕੁੱਲ ਕੀਮਤ ਸਵਾ ਲੱਖ ਰੁਪਏ ਹੈ, ਵਿੱਚ ਕੁਰਸੀਆਂ, ਅਲਮਾਰੀਆਂ ਅਤੇ ਹੋਰ ਲੋੜੀਦਾਂ ਵਸਤੂਆਂ ਸ਼ਾਮਲ ਹਨ। ਇਹ ਜਾਣਕਾਰੀ ਆਈਡੀਬੀਆਈ ਬੈਂਕ ਦੇ ਬੈਂਕ ਮੈਨੇਜਰ ਯੋਗੇਸ਼ ਛਾਬੜਾ ਦੇ ਦਿੰਦਿਆਂ ਕਿਹਾ ਕਿ ਕੁਲਦੀਪ ਕੁਮਾਰ ਵਰਮਾ, ਹਰਪ੍ਰੀਤ ਸਿੰਘ ਅਤੇ ਰਾਜਿੰਦਰ ਸਿੰਘ ਚਾਨੀ ਦੀ ਬੇਨਤੀ ਤੇ ਚਾਰ ਸਕੂਲਾਂ ਵਿਚ ਵਿਜਿਟ ਕੀਤੀ ਗਈ ਅਤੇ ਸਕੂਲਾਂ ਤੋਂ ਜਰੂਰੀ ਲੋੜੀਂਦੇ ਸਮਾਨ ਦੀ ਸੂਚੀ ਦੀ ਮੰਗ ਕੀਤੀ ਗਈ ਸੀ। ਇਸ ਸੰਬੰਧੀ ਵੰਡ ਪ੍ਰੋਗਰਾਮ ਤਹਿਤ ਕਾਲਕਾ ਰੋਡ ਕੰਨਿਆ, ਐਨਟੀਸੀ ਹਾਈ ਬ੍ਰਾਂਚ, ਸੈਦਖੇੜੀ ਅਤੇ ਰਾਜਪੁਰਾ ਟਾਊਨ ਦੇ ਸਕੂਲਾਂ ਨੂੰ ਇਹ ਸਮਾਨ ਦਿੱਤਾ ਗਿਆ ਹੈ।
ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਕੁਲਦੀਪ ਵਰਮਾ ਨੇ ਦੱਸਿਆ ਕਿ ਇਹ ਉਪਰਾਲਾ ਵਿਦਿਆਰਥੀਆਂ ਲਈ ਵਧੀਆ ਸਿੱਖਿਆ ਦੀਆਂ ਸੁਵਿਧਾਵਾਂ ਯਕੀਨੀ ਬਣਾਉਣ ਦੀ ਨੀਤੀ ਅਧੀਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਭਵਿੱਖ ਲਈ ਹੋਰ ਵਧੀਆ ਮੌਕਿਆਂ ਦੀ ਪਹੁੰਚ ਦਿਵਾਉਣ ਲਈ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੀ ਟੀਮ ਹਮੇਸ਼ਾ ਸਹਿਯੋਗ ਦੇਣ ਲਈ ਤਤਪਰ ਹੈ।
ਬਲਾਕ ਨੋਡਲ ਅਫ਼ਸਰ ਰਾਜਪੁਰਾ-2, ਹਰਪ੍ਰੀਤ ਸਿੰਘ ਹੈੱਡ ਮਾਸਟਰ ਸਹਸ ਸੈਦਖੇੜੀ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਗਦਾਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੋਵੇਗਾ। ਉਨ੍ਹਾਂ ਨੇ ਸਕੂਲ ਪ੍ਰਬੰਧਨ ਨੂੰ ਹਦਾਇਤ ਵੀ ਦਿੱਤੀ ਕਿ ਇਸ ਸਮਾਨ ਦੀ ਸੰਭਾਲ ਯਕੀਨੀ ਬਣਾਈ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।
ਇਸ ਮੌਕੇ ‘ਤੇ ਪ੍ਰਿੰਸੀਪਲ ਡਾ: ਨਰਿੰਦਰ ਕੌਰ, ਬੈਂਕ ਦੇ ਅਧਿਕਾਰੀਆਂ ਤੋਂ ਇਲਾਵਾ, ਸਕੂਲਾਂ ਦੇ ਅਧਿਆਪਕ ਇੰਦੂ ਬਾਲਾ ਲੈਕਚਰਾਰ, ਸੁੱਚਾ ਸਿੰਘ, ਰਣਜੋਧ ਸਿੰਘ, ਗੁਲਜਾਰ ਖਾਂ, ਅਸਵਨੀ, ਪ੍ਰਵੀਨ ਕੁਮਾਰ, ਰੁਚੀ ਅਤੇ ਵਿਦਿਆਰਥੀ ਹਾਜ਼ਰ ਸਨ। ਸਮੂਹ ਹਾਜ਼ਰ ਲੋਕਾਂ ਨੇ ਆਈਡੀਬੀਆਈ ਬੈਂਕ ਦੇ ਇਸ ਯਤਨ ਦੀ ਸਲਾਹਨਾ ਕੀਤੀ ਅਤੇ ਆਸ਼ਾ ਜਤਾਈ ਕਿ ਅਗਲੇ ਸਮੇਂ ਵਿੱਚ ਵੀ ਐਸੇ ਉਪਰਾਲੇ ਜਾਰੀ ਰਹਿਣਗੇ।