ਲੁਧਿਆਣਾ, 2 ਮਾਰਚ,ਬੋਲੇ ਪੰਜਾਬ ਬਿਊਰੋ :
ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਕਾਸਾਬਾਦ ਵਿੱਚ ਬੀਤੀ ਰਾਤ 12 ਵਜੇ ਇੱਕ ਵਪਾਰੀ ਦੀ ਕਾਰ ‘ਤੇ ਅਣਪਛਾਤੇ ਚਾਰ ਵਿਅਕਤੀਆਂ ਵੱਲੋਂ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਉਕਤ ਵਪਾਰੀ ਨੇ ਆਪਣੇ ਬਚਾਅ ‘ਚ ਕਾਰਵਾਈ ਦੌਰਾਨ ਆਪਣੀ ਲਾਈਸੈਂਸੀ ਪਿਸਟਲ ਨਾਲ ਹਵਾਈ ਫਾਇਰ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਕਾਸਾਬਾਦ ਦੇ ਰਹਿਣ ਵਾਲੇ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਤ 12 ਵਜੇ ਉਹ ਇੱਕ ਵਿਆਹ ਸਮਾਰੋਹ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਪਿੰਡ ਦੇ ਨੇੜੇ ਪਹੁੰਚਿਆ, ਤਾਂ ਉੱਥੇ ਹਨੇਰੇ ਵਿੱਚ ਚਾਰ ਨੌਜਵਾਨ ਖੜੇ ਸਨ। ਜਦੋਂ ਕੁਲਦੀਪ ਧਾਲੀਵਾਲ ਉਨ੍ਹਾਂ ਦੇ ਕੋਲੋਂ ਲੰਘਣ ਲੱਗਾ, ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕਾਰ ‘ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਇਸ ਤੋਂ ਬਾਅਦ, ਕੁਲਦੀਪ ਸਿੰਘ ਨੇ ਆਪਣੀ ਲਾਈਸੈਂਸੀ ਪਿਸਟਲ ਨਾਲ ਹਵਾਈ ਫਾਇਰ ਕਰ ਦਿੱਤਾ, ਜਿਸ ਤੋਂ ਬਾਅਦ ਚਾਰੋਂ ਅਣਪਛਾਤੇ ਹਮਲਾਵਰ ਮੌਕੇ ਤੋਂ ਭੱਜ ਗਏ। ਉਨ੍ਹਾਂ ਦੱਸਿਆ ਕਿ ਰਾਤ ਨੂੰ ਹੀ ਉਨ੍ਹਾਂ ਨੇ ਕੰਟਰੋਲ ਰੂਮ ਵਿੱਚ ਇਸ ਦੀ ਸੂਚਨਾ ਦੇ ਦਿੱਤੀ ਸੀ, ਪਰ ਰਾਤ ਦੇ ਸਮੇਂ ਕੋਈ ਵੀ ਪੁਲਿਸ ਕਰਮਚਾਰੀ ਉਨ੍ਹਾਂ ਕੋਲ ਨਹੀਂ ਪਹੁੰਚਿਆ।
