ਜਲੰਧਰ, 2 ਮਾਰਚ, ਬੋਲੇ ਪੰਜਾਬ ਬਿਊਰੋ:
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਵਚਨਬੱਧਤਾ ਨੁੰ ਮਜ਼ਬੂਤ ਕਰਦਿਆਂ, “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਜਲੰਧਰ ਦਿਹਾਤੀ ਪੁਲਿਸ ਨੇ ਫਿਲੌਰ ਦੇ ਪਿੰਡ ਖਾਨਪੁਰ ਅਤੇ ਮੰਡੀ ਵਿੱਚ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਕਬਜ਼ਿਆਂ ਨੂੰ ਢਾਹ ਦਿੱਤਾ।
ਸਥਾਨਕ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਹੋਈ ਇਸ ਕਾਰਵਾਈ ਦੌਰਾਨ, ਪੰਚਾਇਤੀ ਜ਼ਮੀਨ ’ਤੇ ਅਣਅਧਿਕਾਰਤ ਤਰੀਕੇ ਨਾਲ ਬਣਾਈਆਂ ਗਈਆਂ ਇਮਾਰਤਾਂ ਢਾਹੀਆਂ ਗਈਆਂ। ਇਹ ਕਬਜ਼ੇ ਜਸਵੀਰ ਸਿੰਘ ਉਰਫ਼ ਸ਼ੀਰਾ (ਵਾਸੀ ਖਾਨਪੁਰ) ਅਤੇ ਭੋਲੀ (ਪਤਨੀ ਰਾਮਪਾਲ ਉਰਫ਼ ਰਾਮਾ, ਵਾਸੀ ਮੰਡੀ) ਵੱਲੋਂ ਕੀਤੇ ਗਏ ਸਨ, ਜੋ ਨਸ਼ਾ ਤਸਕਰੀ ਨਾਲ ਜੁੜੇ ਹੋਣ ਦੇ ਆਰੋਪੀ ਹਨ।
ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀਡੀਪੀਓ) ਫਿਲੌਰ ਦੀ ਬੇਨਤੀ ’ਤੇ ਪੁਲਿਸ ਨੇ ਇਹ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੀਆਂ ਜੜ੍ਹਾਂ ਪੁੱਟਣ ਲਈ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ, ਤਾਂ ਜੋ ਸਮਾਜ ਨੂੰ ਨਸ਼ਾਮੁਕਤ ਬਣਾਇਆ ਜਾ ਸਕੇ।
