ਜਲੰਧਰ, 2 ਮਾਰਚ,ਬੋਲੇ ਪੰਜਾਬ ਬਿਊਰੋ :
ਇੰਫੋਰਸਮੈਂਟ ਡਾਇਰੇਕਟੋਰੇਟ (ED) ਨੇ ਕਲਾਉਡ ਪਾਰਟਿਕਲ ਘੋਟਾਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੌਰਾਨ ਜਲੰਧਰ ਤੋਂ ਭੱਜ ਰਹੇ ਇੱਕ ਜੋੜੇ ਨੂੰ ਦਿੱਲੀ ਏਅਰਪੋਰਟ ’ਤੇ ਕਾਬੂ ਕੀਤਾ। ਨੋਏਡਾ ’ਚ ਮੈਸਰਜ਼ VueNow Marketing Services Limited ਦੇ ਸੀਈਓ ਅਤੇ ਸੰਸਥਾਪਕ ਸੁਖਵਿੰਦਰ ਸਿੰਘ ਖਰੌੜ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਖਰੌੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ED ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਵਿਅਕਤੀ ਜਾਂਚ ਤੋਂ ਬਚਣ ਲਈ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੇ ਖ਼ਿਲਾਫ਼ ਪਹਿਲਾਂ ਹੀ ਲੁੱਕਆਉਟ ਸਰਕੁਲਰ (LOC) ਜਾਰੀ ਕੀਤਾ ਗਿਆ ਸੀ, ਜਿਸ ਕਰਕੇ ਦਿੱਲੀ ਦੇ IGI ਏਅਰਪੋਰਟ ’ਤੇ ਉਨ੍ਹਾਂ ਨੂੰ ਰੋਕ ਲਿਆ ਗਿਆ। ਬਾਅਦ ਵਿੱਚ, ED ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵਿਸ਼ੇਸ਼ ਅਦਾਲਤ (PMLA), ਜਲੰਧਰ ਵਿੱਚ ਪੇਸ਼ ਕੀਤਾ। ਕੋਰਟ ਨੇ ਸੁਖਵਿੰਦਰ ਸਿੰਘ ਖਰੌੜ ਨੂੰ 10 ਦਿਨ ਅਤੇ ਡਿੰਪਲ ਖਰੌੜ ਨੂੰ 5 ਦਿਨ ਦੀ ED ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਹਨ।
