ਚੰਡੀਗੜ੍ਹ/ਸ੍ਰੀ ਆਨੰਦਪੁਰ ਸਾਹਿਬ, 1 ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀਕਲਾਂ ਅਤੇ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਕੀਰਤਪੁਰ ਸਾਹਿਬ ਵਿਚ 10 ਤੋ 12 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 13 ਤੋ 15 ਮਾਰਚ ਤੱਕ ਮਨਾਏ ਜਾ ਰਹੇ ਇਸ ਤਿਉਹਾਰ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚ ਰਹੀ ਸੰਗਤ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਹੋਲਾ ਮਹੱਲਾ ਦੀਆਂ ਤਿਆਰੀਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਤੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਹੋਲਾ-ਮਹੱਲਾ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸਾਰੇ ਵਿਭਾਗਾਂ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਸਮੇਂ ਸਿਰ ਢੁਕਵੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸ. ਬੈਂਸ ਨੇ ਦੱਸਿਆ ਕਿ ਇਸ ਵਾਰ ਮੇਲਾ ਖੇਤਰ ਨੂੰ ਨੋ ਡਾਰਕ ਜੋਨ ਐਲਾਨਿਆ ਗਿਆ ਹੈ ਅਤੇ ਹਰ ਇਲਾਕੇ ਨੂੰ ਰੁਸ਼ਨਾਇਆ ਜਾ ਰਿਹਾ ਹੈ। ਪਵਿੱਤਰ ਗੁਰੂ ਨਗਰੀ ਵਿੱਚ ਸਾਰੇ ਸਵਾਗਤੀ ਗੇਟ ਸ਼ਿੰਗਾਰੇ ਜਾ ਰਹੇ ਹਨ ਅਤੇ ਸ਼ਹਿਰ ਨੂੰ ਐਲ.ਈ.ਡੀ ਲਾਈਟਾਂ ਨਾਲ ਲਿਸ਼ਕਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ 22 ਪਾਰਕਿੰਗ ਵਾਲੀਆਂ ਥਾਵਾਂ ਤਿਆਰ ਕੀਤੀਆ ਗਈਆਂ ਹਨ, ਜਿੱਥੋ ਸ਼ਟਲ ਬੱਸ ਸਰਵਿਸ ਅਤੇ ਈ-ਰਿਕਸ਼ਾ ਮੁਫਤ ਗੁਰਧਾਮਾਂ ਦੇ ਦਰਸ਼ਨਾ ਲਈ ਸੰਗਤਾਂ ਨੂੰ ਲੈ ਕੇ ਜਾਵੇਗੀ। ਪਾਰਕਿੰਗ ਸਥਾਨਾਂ ‘ਤੇ ਰੋਸ਼ਨੀ, ਪੀਣ ਵਾਲਾ ਪਾਣੀ, ਪਖਾਨੇ ਦੀ ਸੁਚਾਰੂ ਵਿਵਸਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਨੂੰ ਦੋ ਸੈਕਟਰਾਂ ਵਿਚ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ। ਮੇਨ ਕੰਟਰੋਲ ਰੂਮ ਤੋ ਇਲਾਵਾ ਹਰ ਸੈਕਟਰ ਵਿਚ ਸਬ ਕੰਟਰੋਲ ਰੂਮ ਹੋਣਗੇ, ਜਿੱਥੇ ਅਧਿਕਾਰੀ ਤਾਇਨਾਤ ਹੋਣਗੇ। ਸਿਹਤ ਸਹੂਲਤਾਂ ਲਈ ਸਾਰੇ ਸੈਕਟਰਾਂ ਵਿਚ ਡਿਸਪੈਂਸਰੀਆਂ, ਨਿਹੰਗ ਸਿੰਘ ਦੇ ਘੋੜਿਆ ਲਈ ਪਸ਼ੂ ਡਿਸਪੈਂਸਰੀਆਂ, ਸਾਫ ਪੀਣ ਵਾਲੇ ਪਾਣੀ ਦੇ ਸੈਕੜੇ ਬੈਟਰੀ ਟੈਪ, ਆਰਜ਼ੀ ਪਖਾਨੇ ਲਗਾਏ ਜਾ ਰਹੇ ਹਨ।
ਮੰਤਰੀ ਨੇ ਦੱਸਿਆ ਕਿ ਇਸ ਵਾਰ ਹੋਲਾ ਮਹੱਲਾ ਨੂੰ ਪ੍ਰਦੂਸ਼ਣ ਮੁਕਤ, ਹਰਿਆ-ਭਰਿਆ ਅਤੇ ਪਲਾਸਟਿਕ ਮੁਕਤ ਰੱਖਣ ਲਈ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ। ਦੁਕਾਨਦਾਰਾਂ, ਵਪਾਰਕ ਅਦਾਰਿਆ ਨੂੰ ਵੱਖਰੇ ਤੌਰ ‘ਤੇ ਅਪੀਲ ਕੀਤੀ ਹੈ ਕਿ ਉਹ ਸੜਕਾਂ ‘ਤੇ ਆਰਜ਼ੀ ਨਜਾਇਜ ਕਬਜੇ ਕਰਕੇ ਟ੍ਰੈਫਿਕ ਵਿਚ ਅੜਿੱਕੇ ਨਾ ਪਾਉਣ। ਉਨ੍ਹਾਂ ਨੇ ਦੱਸਿਆ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਮਿਆਰ ਦੀ ਜਾਂਚ ਕਰਨ ਲਈ ਟੀਮਾਂ ਗਠਿਤ ਕੀਤੀਆ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਭਿਖਾਰੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਨਸ਼ਿਆ ਤੇ ਸ਼ਰਾਬ ਦੀ ਮੇਲਾ ਖੇਤਰ ਵਿਚ ਵਿਕਰੀ ‘ਤੇ ਰੋਕ ਲਗਾਈ ਗਈ ਹੈ।
ਸ. ਬੈਂਸ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਵਿਰਾਸਤ-ਏ-ਖਾਲਸਾ ਲਗਾਤਾਰ ਬਿਨਾ ਕਿਸੇ ਛੁੱਟੀ ਤੋ ਸਾਰਾ ਦਿਨ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਵਿਰਾਸਤ-ਏ-ਖਾਲਸਾ ਵਿਚ ਐਡਵੈਚਰ ਸਪੋਰਟਸ (ਹੋਟ ਏਅਰ ਵੈਲੂਨ) ਅਤੇ ਵੋਟਿੰਗ ਲਈ ਕਿਸ਼ਤੀਆਂ ਦਾ ਪ੍ਰਬੰਧ ਹੋਵੇਗਾ। ਪੰਜਾਬ ਦੀ ਪ੍ਰਗਤੀ ਤੇ ਖੁਸ਼ਹਾਲੀ ਨੂੰ ਦਰਸਾਉਣ ਲਈ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਵਿਚ ਕਰਾਫਟ ਮੇਲਾ ਵੀ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਮੇਲਾ ਖੇਤਰ ਵਿੱਚ ਵਿਸੇਸ਼ ਸਫਾਈ ਮੁਹਿੰਮ ਅਰੰਭ ਕਰ ਦਿੱਤੀ ਗਈ ਹੈ ਅਤੇ ਪਲਾਸਟਿਕ ਤੇ ਡਿਸਪੋਜਲ ਨੂੰ ਇਕੱਠਾ ਕਰਨ ਅਤੇ ਕੂੜਾ ਪ੍ਰਬੰਧਨ ਲਈ ਵਿਸੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਬੇਬੀ ਫੀਡਿੰਗ ਸੈਂਟਰ ਬਣਾਏ ਗਏ ਹਨ। ਇਸ ਦੇ ਨਾਲ ਹੀ ਐਮਬੂਲੈਂਸ, ਫਾਇਰ ਬ੍ਰਿਗੇਡ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਸ. ਹਰਜੋਤ ਬੈਂਸ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੌਰਾਨ 4500 ਪੁਲਿਸ ਅਧਿਕਾਰੀ/ਕਰਮਚਾਰੀ ਨੂੰ ਤਾਇਨਾਤ ਕੀਤਾ ਗਿਆ ਹੈ। ਸੀ.ਸੀ.ਟੀ.ਵੀ. ਕੈਮਰੇ ਅਤੇ ਉਚੀ ਨਿਗਰਾਨੀ ਪੋਸਟ ਜ਼ਰੀਏ ਸਮੁੱਚੇ ਮੇਲਾ ਖੇਤਰ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸਮਾਜ ਵਿਰੋਧੀ ਤੱਤਾਂ, ਨਸ਼ਾ ਵੇਚਣ ਵਾਲਿਆਂ, ਗੜਬੜ ਪੈਦਾ ਕਰਨ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਪਹਿਲਾਂ ਹੀ ਸਖ਼ਤ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਟ੍ਰੈਫਿਕ ਦੇ ਸੁਚਾਰੂ ਪ੍ਰਵਾਅ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੇਲਾ ਖੇਤਰ ਦੇ ਆਲੇ ਦੁਆਲੇ ਦੇ ਇਲਾਕਿਆਂ ਤੋ ਆਉਣ ਜਾਣ ਵਾਲੇ ਵਾਹਨਾਂ ਲਈ ਰੂਟ ਡਾਇਵਰਜਨ ਕਰ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਵਿਚੋ ਹੋਲਾ ਮਹੱਲਾ ਇੱਕ ਪ੍ਰਮੁੱਖ ਤਿਉਹਾਰ ਹੈ।
ਸ. ਬੈਂਸ ਨੇ ਕਿਹਾ, ” ਹੋਲਾ ਮਹੱਲਾ ਲਈ ਦੁਨੀਆ ਭਰ ਤੋ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਇੱਥੇ ਪੁੱਜਦੀਆਂ ਹਨ ਅਤੇ ਸ਼ਰਧਾਲੂਆਂ ਦੀ ਸੁਰੱਖਿਆਂ, ਸਹੂਲਤਾਂ ਸਾਡੀ ਜਿੰਮੇਵਾਰੀ ਹੈ, ਇਸ ਲਈ ਸ਼ਿਕਾਇਤ, ਸਹੂਲਤ, ਸੁਰੱਖਿਆ ਸਬੰਧੀ ਹੈਲਪ ਲਾਈਨਾਂ ਬਣਾਇਆ ਗਈਆਂ ਹਨ।” ਉਨ੍ਹਾਂ ਕਿਹਾ ਕਿ ਲੋਸਟ ਐਂਡ ਫਾਊਡ ਅਤੇ ਹੈਲਪ ਡੈਸਕ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮੇਲਾ ਖੇਤਰ ਵਿਚ ਲਗਾਈਆਂ 6 ਐਲ.ਈ.ਡੀ. ਸਕਰੀਨ ਜ਼ਰੀਏ ਸ਼ਰਧਾਲੂਆਂ ਨੂੰ ਮੇਲ ਖੇਤਰ ਬਾਰੇ ਹਰ ਜਾਣਕਾਰੀ ਦਿੱਤੀ ਜਾਵੇਗੀ। ਮੋਬਾਇਲ ਟਾਵਰ ਲਗਾ ਕੇ ਮਜਬੂਤ ਨੈਟਵਰਕ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਸ਼ਰਧਾਲੂਆਂ ਨੂੰ ਹੋਲਾ-ਮਹੱਲਾ ਦੌਰਾਨ ਸੱਚੀ ਸ਼ਰਧਾ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਅਤੇ ਮੱਥਾ ਟੇਕਣ ਦੀ ਅਪੀਲ ਕੀਤੀ।