ਪਟਿਆਲਾ, 1 ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਬਹੁਪੜਾਵੀ ‘ਯੁੱਧ ਨਸ਼ਿਆਂ ਵਿਰੁੱਧ’ ਜਿੱਤਣ ਲਈ ਲੋਕਾਂ ਦਾ ਸਹਿਯੋਗ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਾਫ਼ ਸੰਦੇਸ਼ ਹੈ ਕਿ ਨਸ਼ੇ ਦੇ ਤਸਕਰ ਜਾਂ ਪੰਜਾਬ ਛੱਡਣ ਜਾਂ ਫੇਰ ਆਪਣਾ ਕਾਰੋਬਾਰ ਬਦਲ ਲੈਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਤਸਕਰ ਜੇਲ੍ਹਾਂ ‘ਚ ਜਾਣਗੇ ਤੇ ਨਸ਼ੇ ਦੇ ਆਦੀਆਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਨੌਕਰੀਆਂ ਤੇ ਰੋਜ਼ਗਾਰ ਦੇ ਕਾਬਲ ਬਣਾਇਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਮਨੋਰੋਗ ਵਿਭਾਗ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਅਤੇ ਸਾਕੇਤ ਹਸਪਤਾਲ ਦਾ ਦੌਰਾ ਕਰਕੇ ਇੱਥੇ ਇਲਾਜ ਕਰਵਾ ਰਹੇ ਵਿਅਕਤੀਆਂ ਨੂੰ ਸੱਦਾ ਦਿੱਤਾ ਕਿ ਉਹ ਮੌਤ ਤੇ ਜੇਲ੍ਹ ਦਾ ਰਸਤਾ ਛੱਡਕੇ ਜਿੰਦਗੀ ਵਾਲਾ ਰਾਹ ਚੁਣਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਤੇ ਰੋਲ ਮਾਡਲ ਬਣਨ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਸ਼ੇ ਦੀ ਲਤ ਲਗਾਉਣ ਲਈ ਮੁਫ਼ਤ ‘ਚ ਮਿਲਦੇ ਕਿਸੇ ਪ੍ਰਕਾਰ ਦੇ ਮਿੱਠੇ ਜਹਿਰ ਤੋਂ ਬਚਣ ਦਾ ਵੀ ਸੱਦਾ ਦਿੱਤਾ।
ਸਿਹਤ ਮੰਤਰੀ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆ ਰਾਜ ‘ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਬਹੁਪੜਾਵੀ ਮੁਹਿੰਮ ਨੂੰ ਪੁਲਿਸ, ਮੈਡੀਕਲ ਸਿੱਖਿਆ ਤੇ ਸਿਹਤ ਵਿਭਾਗਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਫ਼ਲ ਬਣਾਉਣ ਲਈ ਬਹੁਮੰਤਵੀ ਕਾਰਜ ਯੋਜਨਾ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਕਿਸਤਾਨ ਵੱਲੋਂ ਡਰੋਨਾਂ ਤੇ ਹੋਰ ਸਾਧਨਾਂ ਰਾਹੀਂ ਨਸ਼ੇ ਭੇਜਕੇ ਸੂਬੇ ਨੂੰ ਜਾਣਬੁੱਝ ਕੇ ਨਸ਼ਿਆਂ ਦੇ ਰਾਹ ‘ਤੇ ਧੱਕਿਆ ਜਾ ਰਿਹਾ ਹੈ, ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੁਸ਼ਮਣਾਂ ਦੇ ਅਜਿਹੇ ਮਾੜੇ ਮਨਸੂਬੇ ਸਫ਼ਲ ਨਹੀਂ ਹੋਣ ਦੇਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਦ੍ਰਿੜ ਇਰਾਦੇ ਨਾਲ ਕੰਮ ਕਰ ਰਹੀ ਪੰਜਾਬ ਸਰਕਾਰ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਜਰੂਰ ਕੱਢ ਲਵੇਗੀ ਤੇ ਪੰਜਾਬ ਜਰੂਰ ਨਸ਼ਾ ਮੁਕਤ, ਰੰਗਲਾ ਪੰਜਾਬ ਤੇ ਸਿਹਤਮੰਦ ਪੰਜਾਬ ਬਣੇਗਾ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕੀਤਾ ਹੈ, ਜੋਕਿ ਪੂਰੇ ਪੰਜਾਬ ‘ਚ ਦੌਰੇ ਕਰਕੇ ਲੋਕਾਂ ਸਮੇਤ ਹਰ ਧਿਰ ਦਾ ਸਾਥ ਲਵੇਗੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਸ਼ੇ ਦੇ ਆਦੀਆਂ ਦਾ ਸਟਿਗਮਾ ਘਟਾਕੇ ਉਨ੍ਹਾਂ ਨੂੰ ਟੀਕਿਆਂ ਤੋਂ ਗੋਲੀਆਂ ‘ਤੇ ਲਿਆ ਕੇ ਅਤੇ ਬਾਅਦ ਵਿੱਚ ਨਸ਼ਾ ਮੁਕਤ ਕਰਨ ਸਮੇਤ ਰਾਜ ਭਰ ‘ਚ 529 ਓਟ ਸੈਂਟਰਾਂ ਤੇ ਨਸ਼ਾ ਮੁਕਤੀ ਕੇਂਦਰਾਂ ਜਰੀਏ ਹੁਨਰਮੰਦ ਬਣਾਉਣ ਤੇ ਇਲਾਜ ਕਰਕੇ ਸੂਬੇ ਵਿੱਚ ਨਸ਼ਿਆਂ ਦੀ ਮੰਗ ਘਟਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਸ਼ੇ ਦੇ ਆਦੀਆਂ ਨੂੰ ਕਿਹਾ ਕਿ ਜਿਸ ਰਾਹ ‘ਤੇ ਉਹ ਚੱਲ ਰਹੇ ਹਨ, ਉਹ ਜੇਲ੍ਹਾਂ ਜਾਂ ਮੌਤ ਦਾ ਰਾਹ ਹੈ ਪਰੰਤੂ ਉਨ੍ਹਾਂ ਦੀ ਮਦਦ ਲਈ ਪੰਜਾਬ ਸਰਕਾਰ ਅੱਗੇ ਆਈ ਹੈ, ਇਸ ਲਈ ਉਹ ਆਪਣੇ ਤੇ ਆਪਣੇ ਪਰਿਵਾਰ ਦੀ ਖਾਤਰ ਇਹ ਗ਼ਲਤ ਰਾਹ ਛੱਡਕੇ ਜਿੰਦਗੀ ਦਾ ਰਸਤਾ ਅਪਨਾਉਣ।
ਡਾ. ਬਲਬੀਰ ਸਿੰਘ ਨੇ ਆਮ ਲੋਕਾਂ, ਕੌਂਸਲਰਾਂ, ਪੰਚਾਂ-ਸਰਪੰਚਾਂ ਤੇ ਹੋਰ ਪ੍ਰਤੀਨਿੱਧਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਨਸ਼ਾ ਮੁਕਤ ਤੇ ਸਿਹਤਮੰਤ ਪੰਜਾਬ ਸਿਰਜਣ ਲਈ ਸੂਬਾ ਸਰਕਾਰ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਹਸਪਤਾਲ ਤੇ ਨਸ਼ਾ ਮੁਕਤੀ ਕੇਂਦਰਾਂ ਤੱਕ ਪਹੁੰਚਾਇਆ ਜਾਵੇ, ਜਿਨ੍ਹਾਂ ਨੂੰ ਨਸ਼ਾ ਮੁਕਤ ਕਰਨ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ।
ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਮਨੋਰੋਗ ਵਿਭਾਗ ਦੇ ਮੁਖੀ ਡਾ. ਰਜਨੀਸ਼ ਕੁਮਾਰ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਵੀ ਮੌਜੂਦ ਸਨ।
