ਬੀਜਿੰਗ, 1 ਮਾਰਚ, ਬੋਲੇ ਪੰਜਾਬ ਬਿਊਰੋ
ਦੱਖਣੀ ਚੀਨ ਦੀ ਯੁਆਨਸ਼ੂਈ ਨਦੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਤੇਲ ਰਿਸਾਅ ਸਾਫ਼ ਕਰਨ ਵਾਲਾ ਜਹਾਜ਼ ਇੱਕ ਛੋਟੀ ਕਿਸ਼ਤੀ ਨਾਲ ਟਕਰਾ ਗਿਆ। ਇਸ ਭਿਆਨਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ।ਸ਼ੁੱਕਰਵਾਰ ਰਾਤ ਨੂੰ ਸਰਕਾਰੀ ਮੀਡੀਆ ਵੱਲੋਂ ਘਟਨਾ ਦੀ ਪੁਸ਼ਟੀ ਕੀਤੀ ਗਈ। ਸ਼ਿਨਹੂਆ ਨਿਊਜ਼ ਏਜੰਸੀ ਅਨੁਸਾਰ, ਹਾਦਸਾ ਹੁਨਾਨ ਸੂਬੇ ਦੀ ਯੁਆਨਸ਼ੂਈ ਨਦੀ ਵਿੱਚ ਵਾਪਰਿਆ, ਜਿੱਥੇ ਜਹਾਜ਼ ਅਤੇ ਛੋਟੀ ਕਿਸ਼ਤੀ ਦੀ ਟੱਕਰ ਹੋਣ ਕਾਰਨ 19 ਲੋਕ ਪਾਣੀ ਵਿੱਚ ਡਿੱਗ ਗਏ। ਬਚਾਅ ਕਾਰਵਾਈ ਦੌਰਾਨ 3 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।ਘਟਨਾ ਵਾਲੀ ਥਾਂ ਨਦੀ ਦੀ ਡੂੰਘਾਈ ਔਸਤ 60 ਮੀਟਰ (200 ਫੁੱਟ) ਅਤੇ ਚੌੜਾਈ 500 ਮੀਟਰ (1,600 ਫੁੱਟ) ਹੈ। ਖੋਜ ਅਤੇ ਬਚਾਅ ਟੀਮਾਂ ਲਾਪਤਾ ਵਿਅਕਤੀਆਂ ਦੀ ਤਲਾਸ਼ ਕਰ ਰਹੀਆਂ ਹਨ।