ਸਿੱਖਿਆ ਮੰਤਰੀ ਬੈਂਸ ਨੇ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਬਣਾਉਣ ਲਈ ਆਇਸਰ ਵਰਗੀਆਂ ਕੌਮੀ ਪ੍ਰਸਿੱਧੀ ਪ੍ਰਾਪਤ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਤਿਆਰੀ ਕਰਨ ਲਈ ਕਿਹਾ

ਪੰਜਾਬ

ਐਸ.ਏ.ਐਸ.ਨਗਰ, 28 ਫਰਵਰੀ ,ਬੋਲੇ ਪੰਜਾਬ ਬਿਊਰੋ:
ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ‘ਤੇ ਧਿਆਨ ਦੇ ਕੇ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂ ਕਿ ਆਈ.ਆਈ.ਐਸ.ਈ.ਆਰ., ਆਈ.ਆਈ.ਟੀ. ਅਤੇ ਆਈ.ਆਈ.ਐਮ. ਵਿੱਚ ਦਾਖਲਾ ਲੈਣ ਲਈ ਤਿਆਰੀ ਕਰਨ ਦਾ ਸੱਦਾ ਦਿੱਤਾ ਹੈ।
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ਵਿਖੇ ਦੋ ਰੋਜ਼ਾ ਸਾਇੰਸ ਫੈਸਟ ਤਤਵਾ ਦਾ ਉਦਘਾਟਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਸਿੱਧ ਭਾਰਤੀ ਅਤੇ ਅੰਤਰਰਾਸ਼ਟਰੀ ਵਿਗਿਆਨੀਆਂ ਅਤੇ ਖੋਜਕਰਤਾਵਾਂ, ਸਰ ਸੀ ਵੀ ਰਮਨ, ਜੇ ਸੀ ਬੋਸ, ਆਈਜ਼ੈਕ ਨਿਊਟਨ ਅਤੇ ਕੋਪਰਨਿਕਸ ਦੀਆਂ ਉਦਾਹਰਣਾਂ ਦਿੰਦਿਆਂ, ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਵਿੱਖ ਦੇ ਵਿਗਿਆਨੀ ਅਤੇ ਖੋਜੀ ਬਣਨ ਲਈ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ ਅਤੇ ਇਨ੍ਹਾਂ ਵਰਤਾਰਿਆਂ ਨਾਲ ਸਬੰਧਤ ਵਿਗਿਆਨ ਨੂੰ ਦੇਖਣਾ ਚਾਹੀਦਾ ਹੈ। ਇਹ ਦਿਲਚਸਪੀ ਵਿਗਿਆਨ ਸਿੱਖਣ ਲਈ ਮੋਹ ਪੈਦਾ ਕਰੇਗੀ।
ਪਹੀਏ ਅਤੇ ਅੱਗ ਦੀ ਕਾਢ ਤੋਂ ਲੈ ਕੇ ਮੋਬਾਈਲ ਫੋਨ ਦੇ ਯੁੱਗ ਅਤੇ ਹਾਈ ਸਪੀਡ ਟਰੇਨਾਂ, ਹਵਾਈ ਜਹਾਜ਼, ਮੈਡੀਕਲ ਸਾਇੰਸਜ਼ ਵਿੱਚ ਤਰੱਕੀ ਅਤੇ ਹੁਣ ਚੈਟ ਜੀ ਪੀ ਟੀ ਅਤੇ ਹੋਰ ਏ ਆਈ ਟੂਲਜ਼ ਦੀ ਕਾਢ ਤੋਂ ਮਨੁੱਖਜਾਤੀ ਵਿੱਚ ਆਏ ਬਦਲਾਅ ਦਾ ਜ਼ਿਕਰ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸਭ ਕੁਝ, ਹਰ ਘਟਨਾ ਦੇ ਪਿੱਛੇ ਕਾਰਨ ਜਾਣਨ ਦੀ ਉਤਸੁਕਤਾ ਕਾਰਨ ਸੰਭਵ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਵਿਗਿਆਨੀਆਂ ਨੂੰ ਆਪਣੇ ਆਦਰਸ਼ ਅਤੇ ਲਾਇਬ੍ਰੇਰੀਆਂ ਵਿਚਲੀਆਂ ਕਿਤਾਬਾਂ ਨੂੰ ਆਪਣਾ ਦੋਸਤ ਬਣਾਉਣਾ ਚਾਹੀਦਾ ਹੈ ਤਾਂ ਜੋ ਰਾਸ਼ਟਰ ਦੀ ਸੇਵਾ ਲਈ ਰਾਹ ਪੱਧਰਾ ਕਰਨ ਵਾਲੇ ਖੇਤਰ ਵਿਚ ਆਪਣੇ ਜੀਵਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਮਰਹੂਮ ਅਬਦੁਲ ਕਲਾਮ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਔਕੜਾਂ ਦੇ ਬਾਵਜੂਦ ਸਿੱਖਣ ਦੀ ਇੱਛਾ ਅਤੇ ਪੜ੍ਹਾਈ ਦੇ ਮਾਰਗ ਰਾਹੀਂ ਉੱਚਤਮ ਅਹੁਦਾ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੁਨਿਆਦੀ ਢਾਂਚੇ ਅਤੇ ਸਿੱਖਿਆ ਵਿੱਚ ਉੱਤਮਤਾ ਵਿੱਚ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਇਸ ਲਈ ਉਨ੍ਹਾਂ ਨੂੰ ਰਾਸ਼ਟਰ ਦੇ ਭਵਿੱਖ ਦੇ ਵਿਗਿਆਨੀ ਬਣਨ ਲਈ ਆਈ ਆਈ ਟੀ, ਆਈ ਆਈ ਐਮ ਅਤੇ ਆਈ ਆਈ ਐਸ ਈ ਆਰ ਵਰਗੀਆਂ ਪ੍ਰਮੁੱਖ ਸੰਸਥਾਵਾਂ ਚ ਪ੍ਰਵੇਸ਼ ਲਈ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਆਈ ਆਈ ਐਸ ਈ ਆਰ ਮੁਹਾਲੀ ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਤ੍ਰਿਪਾਠੀ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਅਪੀਲ ਕੀਤੀ ਕਿ ਉਹ ਪੇਂਡੂ ਵਿਦਿਆਰਥੀਆਂ ਨੂੰ ਸਾਇੰਸ ਦੀ ਪੜ੍ਹਾਈ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਦੀ ਪੇਂਡੂ ਪੱਟੀ ਵਿੱਚ ਆਈ ਆਈ ਐਸ ਈ ਆਰ ਦਾ ਇੱਕ ਇੰਸਟੀਚਿਊਟ (ਪਸਾਰ/ਆਊਟਰੀਚ) ਕੈਂਪਸ ਸਥਾਪਤ ਕਰਨ ਬਾਰੇ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਆਈ ਆਈ ਐਸ ਈ ਆਰ ਦੇ ਇਸ ਕਿਸਮ ਦੇ ਵਿਸਤਾਰ ਨੂੰ ਅਮਲੀ ਰੂਪ ਦੇਣ ਲਈ ਸਾਈਟ ਮੁਹੱਈਆ ਕਰਵਾਉਣ ਬਾਰੇ ਵਿਚਾਰ ਕਰ ਸਕਦੀ ਹੈ।
ਇਸ ਤੋਂ ਪਹਿਲਾਂ, ਕੈਂਪਸ ਦਾ ਦੌਰਾ ਕਰਨ ਵਾਲੇ ਰਾਜ ਦੇ ਪਹਿਲੇ ਸਿੱਖਿਆ ਮੰਤਰੀ ਵਜੋਂ ਸਿੱਖਿਆ ਮੰਤਰੀ ਦਾ ਸਵਾਗਤ ਕਰਦੇ ਹੋਏ, ਆਈ ਆਈ ਐਸ ਈ ਆਰ ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਤ੍ਰਿਪਾਠੀ ਨੇ ਕਿਹਾ ਕਿ ਸਰ ਸੀ.ਵੀ. ਰਮਨ ਦੀ ਯਾਦ ਵਿੱਚ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਸਰ ਰਮਨ ਦੀ 1928 ਵਿੱਚ ‘ਰਮਨ ਇਫੈਕਟ’ ਦੀ ਖੋਜ ਕਾਰਨ ਉਨ੍ਹਾਂ ਨੂੰ 1930 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਮਿਲਿਆ, ਜਿਸ ਨਾਲ ਉਹ ਵਿਗਿਆਨ ਵਿੱਚ ਨੋਬਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਪ੍ਰਸਤਾਵ ‘ਤੇ ਹਾਂ-ਪੱਖੀ ਵਿਚਾਰ ਕਰਕੇ ਸੂਬੇ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ।
ਸਿੱਖਿਆ ਮੰਤਰੀ ਨੇ ਇਸ ਮੌਕੇ ‘ਤੇ ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ, ਦੇਹਰਾਦੂਨ ਦੇ ਸਾਬਕਾ ਡਾਇਰੈਕਟਰ ਡਾ. ਅੰਜਨ ਰੇਅ, ਡਾ. ਜਗਦੀਪ ਸਿੰਘ, ਰਜਿਸਟਰਾਰ ਆਈ ਆਈ ਐਸ ਆਰ ਆਰ, ਡਾ. ਅਮਿਤ, ਡੀਨ ਆਊਟਰੀਚ ਅਤੇ ਅੰਤਰਰਾਸ਼ਟਰੀ ਸਬੰਧਾਂ ਦੀ ਮੌਜੂਦਗੀ ਵਿੱਚ ਸਾਇੰਸ ਮੈਗਜ਼ੀਨ ਵੀ ਜਾਰੀ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।